Breaking
Tue. Jul 15th, 2025

ਪੰਜਾਬ ਸਰਕਾਰ ਨੂੰ 12 ਘੰਟੇ ਕੰਮ ਲੈਣ ਦੇ ਮਜ਼ਦੂਰ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ : ਬੇਗਮਪੁਰਾ ਟਾਈਗਰ ਫੋਰਸ

ਮਜ਼ਦੂਰ ਵਿਰੋਧੀ

ਮਜਦੂਰਾਂ ਕੋਲੋਂ ਦਿਹਾੜੀ ਵਿੱਚ 12 ਘੰਟੇ ਕੰਮ ਲੈਣ ਦੇ ਫੈਸਲੇ ਨੂੰ ਮਜ਼ਦੂਰ ਜਮਾਤ ਮੁੱਢ ਤੋਂ ਹੀ ਨਿਕਾਰਦੀ ਹੈ : ਹੈਪੀ ਫ਼ਤਿਹਗੜ੍ਹ, ਸਤੀਸ਼ ਸ਼ੇਰਗੜ੍ਹ

ਹੁਸ਼ਿਆਰਪੁਰ 16 ਜੂਨ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਹੁਸ਼ਿਆਰਪੁਰ ਵਿਖੇ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਠ ਘੰਟੇ ਕੰਮ ਦਿਹਾੜੀ ਦੇ ਹੱਕ ਨੂੰ ਖੋਹ ਕੇ ਕਾਰਪੋਰੇਟਾਂ ਦੇ ਮੁਨਾਫਿਆਂ ਵਾਸਤੇ ਭਾਜਪਾ ਦੇ 12 ਘੰਟੇ ਕੰਮ ਲੈਣ ਦੇ ਫੈਸਲੇ ਨੂੰ ਕਾਨੂੰਨੀ ਮਾਨਤਾ ਦੇਣ ਅਤੇ ਮਜ਼ਦੂਰਾਂ ਦੇ ਕਰਜੇ ਮਾਫ ਕਰਨ ਦੇ ਐਲਾਨ ਰਾਹੀਂ ਮਜ਼ਦੂਰਾਂ ਨਾਲ ਮਜਾਕ ਕਰਨ ਵਾਲੇ ਮਜਦੂਰ ਵਿਰੋਧੀ ਫੈਸਲਿਆਂ ਨੂੰ ਮਜ਼ਦੂਰ ਜਮਾਤ ਮੁੱਢ ਤੋਂ ਹੀ ਨਿਕਾਰਦੀ ਹੈ।

ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਮੁਨਾਫੇ ਖੋਰਾਂ ਵੱਲੋਂ ਕਿਰਤੀਆਂ ਤੋ 24 ਘੰਟੇ ਕੰਮ ਲੈ ਕੇ ਆਪਦੇ ਮੁਨਾਫੇ ਵਧਾਏ ਜਾਂਦੇ ਸਨ ਜਿਸ ਦੇ ਖਿਲਾਫ ਦੁਨੀਆਂ ਭਰ ਵਿੱਚ ਕਿਰਤੀਆਂ ਨੇ ਬਹੁਤ ਸੰਘਰਸ਼ ਲੜੇ ਅਤੇ ਉਹਨਾਂ ਸੰਘਰਸ਼ਾਂ ਵਿੱਚ ਸ਼ਹਾਦਤਾਂ ਦੇ ਕੇ ਅੱਠ ਘੰਟੇ ਕੰਮ ਲੈਣ ਦੇ ਹੱਕ ਨੂੰ ਬਹਾਲ ਕਰਵਾਇਆ ਪਰ ਭਾਜਪਾ ਹਕੂਮਤ ਵੱਲੋਂ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਅੱਠ ਦੀ ਥਾਂ 12 ਘੰਟੇ ਕੰਮ ਕਰਨ ਦੀ ਕਿਰਤ ਕਾਨੂੰਨ ਖਤਮ ਕਰਕੇ ਕਿਰਤ ਕੋਡ ਲਾਗੂ ਕੀਤਾ ਗਿਆ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਭਾਜਪਾ ਹਕੂਮਤ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਵਿੱਚ ਅੱਠ ਦੀ ਥਾਂ 12 ਘੰਟੇ ਕੰਮ ਲੈਣ ਕਿਰਤ ਕੋਡ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਗਰੀਬ ਪਰਿਵਾਰਾਂ ਦੇ 68 ਕਰੋੜ ਦੇ ਕਰਜ਼ੇ ਮਾਫ ਕਰਕੇ ਮਜ਼ਦੂਰਾਂ ਨਾਲ ਮਜਾਕ ਕੀਤਾ ਹੈ। ਓਨਾਂ ਕਿਹਾ ਕਿ 13000 ਤੋਂ ਵੱਧ ਪਿੰਡਾਂ ਦੇ ਹਿਸਾਬ ਨਾਲ ਪੌਣੇ ਤਿੰਨ ਪਿੰਡਾਂ ਮਗਰ ਇੱਕ ਬੰਦੇ ਦੀ ਕਰਜ਼ਾ ਮੁਆਫ਼ੀ ਬਣਦੀ ਹੈ ਜੋ ਕਿ ਊਠ ਛਾਨਣੀ ਲਾਉਣ ਦੇ ਬਰਾਬਰ ਹੈ। । ਉਹਨਾਂ ਆਖਿਆ ਕਿ ਪੰਜਾਬ ਦੇ ਲੱਗਭਗ ਛੇ ਲੱਖ ਪਰਿਵਾਰਾਂ ਚੋਂ 84 ਫ਼ੀਸਦੀ ਪਰਿਵਾਰਾਂ ਸਿਰ ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ।

ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਚੋਂ ਸਭ ਤੋਂ ਵੱਧ ਕਰਜ਼ਾ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਹੈ

ਉਹਨਾਂ ਦੱਸਿਆ ਕਿ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਚੋਂ ਸਭ ਤੋਂ ਵੱਧ ਕਰਜ਼ਾ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਹੈ ਜਿਹੜਾ ਕਿ ਆਏ ਦਿਨ ਵੱਧਦਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਮਜ਼ਦੂਰਾਂ ਦੇ ਬੇਜ਼ਮੀਨੇ ਹੋਣ ਤੋਂ ਇਲਾਵਾ ਹਰੇ ਇਨਕਲਾਬ ਦੀ ਬਦੌਲਤ ਮਜ਼ਦੂਰਾਂ ਦੇ ਹੋਏ ਰੁਜ਼ਗਾਰ ਉਜਾੜੇ ਘੱਟਦੀਆਂ ਉਜ਼ਰਤਾਂ, ਵੱਧਦੀ ਮਹਿੰਗਾਈ ਤੇ ਸਬਸਿਡੀਆਂ ‘ਚ ਕਟੌਤੀ ਵਰਗੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਖੇਤ ਮਜ਼ਦੂਰਾਂ ਸਿਰ ਕਰਜ਼ੇ ਚੜ੍ਹਨ ਲਈ ਜ਼ਿੰਮੇਵਾਰ ਹਨ ਜ਼ੋ ਕਿ ਅਗਾਂਹ ਖ਼ੁਦਕੁਸ਼ੀਆਂ ਵਰਗੇ ਵਰਤਾਰੇ ਦੀ ਜੰਮਣ ਭੋਇ ਬਣਦਾ ਹੈ । ਇਸ ਲਈ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਨੂੰ ਸਰਕਾਰ ਵੱਲੋਂ ਮੁਆਫ਼ ਕੀਤਾ ਜਾਣਾ ਚਾਹੀਦਾ ਹੈ ਅਤੇ 12 ਘੰਟੇ ਕੰਮ ਲੈਣ ਦੇ ਮਜ਼ਦੂਰ ਵਿਰੋਧੀ ਫੈਸਲੇ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਫੋਰਸ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ,ਅਨਿਲ ਕੁਮਾਰ ਬੰਟੀ, ਜਿਲ੍ਹਾ ਉੱਪ ਪ੍ਰਧਾਨ ਰਾਜ ਕੁਮਾਰ ਬੱਧਣ ਨਾਰਾ,ਸਤੀਸ਼ ਕੁਮਾਰ ਬਸੀ ਬਾਹਦ, ਭਿੰਦਾ ਸੀਣਾ,ਹਨੀ ਬਸੀ ਬਾਹਦ, ਸੁਖਵਿੰਦਰ ਫਤਿਹਗੜ੍ਹ, ਰਵੀ ਤੇ ਸਾਬੀ ਸੁੰਦਰ ਨਗਰ,ਜੋਤਾ, ਜੱਖੂ ਰਹੀਮਪੁਰ,ਰਾਜੂ, ਮਨਪ੍ਰੀਤ ਹਰਿਆਣਾ,ਅਰੁਣ ਕੁਮਾਰ ਹਰਿਆਣਾ,ਸੰਦੀਪ ਸੀਣਾ, ਵਿਪਨ ਕੁਮਾਰ ਬਸੀ ਕਲਾਂ,ਵਿਪਨ ਕੁਮਾਰ ਬਿਹਾਲਾ,ਵਿਸ਼ਾਲ ਬਿਹਾਲਾ, ਲਖਵਿੰਦਰ ਬਿਹਾਲਾ,ਆਦਿ ਹਾਜ਼ਰ ਸਨ।

By admin

Related Post