Breaking
Wed. Jun 10th, 2026

ਖਾਸ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਨਕਦ ਇਨਾਮ ਇਤਿਹਾਸਕ ਕਦਮ : ਪਰਮਜੀਤ ਸੱਚਦੇਵਾ

ਪੰਜਾਬ ਸਰਕਾਰ

ਆਸ਼ਾ ਕਿਰਨ ਸਪੈਸ਼ਲ ਸਕੂਲ ਦੇ 5 ਖਿਡਾਰੀਆਂ ਨੂੰ ਨਕਦ ਸਨਮਾਨ ਮਿਲਿਆ

ਹੁਸ਼ਿਆਰਪੁਰ 10 ਜੂਨ (ਤਰਸੇਮ ਦੀਵਾਨਾ) – ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਲਈ ਇਹ ਬਹੁਤ ਮਾਣ ਅਤੇ ਸਨਮਾਨ ਦਾ ਮੌਕਾ ਰਿਹਾ, ਜਦੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਨਕਦ ਇਨਾਮ ਖੇਡ ਨੀਤੀ 2023 ਤਹਿਤ ਸਕੂਲ ਦੇ ਪੰਜ ਵਿਸ਼ੇਸ਼ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਉੱਤਮ ਖੇਡ ਪ੍ਰਾਪਤੀਆਂ ਲਈ ਨਕਦ ਇਨਾਮ ਦਿੱਤੇ ਗਏ। ਇਹ ਸਨਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਓਲੰਪਿਕਸ ਭਾਰਤ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਦਿੱਤਾ ਗਿਆ ਹੈ, ਇਹ ਜਾਣਕਾਰੀ ਏਰੀਆ ਡਾਇਰੈਕਟਰ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਪਰਮਜੀਤ ਸਿੰਘ ਸੱਚਦੇਵਾ ਨੇ ਦਿੱਤੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿੱਚ ਸੋਨੀਆ ਸੈਣੀ, ਰੋਹਿਤ ਕੁਮਾਰ, ਸੰਨੀ ਕੁਮਾਰ ਅਤੇ ਕੁਨਾਲ ਸੇਠੀ ਨੂੰ ਕ੍ਰਮਵਾਰ 50-50 ਹਜ਼ਾਰ ਰੁਪਏ ਅਤੇ ਗਗਨਦੀਪ ਸਿੰਘ ਨੂੰ 30,000 ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਸਪੈਸ਼ਲ ਓਲੰਪਿਕਸ ਭਾਰਤ ਵੱਲੋਂ ਆਯੋਜਿਤ ਵੱਖ-ਵੱਖ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀਆਂ-ਆਪਣੀਆਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ। ਇਸ ਪ੍ਰਾਪਤੀ ਦੇ ਮੌਕੇ ‘ਤੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਸਮਾਜ ਸੇਵੀਆਂ ਨੇ ਭਾਗ ਲਿਆ ਅਤੇ ਖਿਡਾਰੀਆਂ ਦੀ ਸਫਲਤਾ ‘ਤੇ ਖੁਸ਼ੀ ਮਨਾਈ ਗਈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਸਕੱਤਰ ਕਰਨਲ ਗੁਰਮੀਤ ਸਿੰਘ, ਰਾਮ ਆਸਾ, ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਕੋਚ ਸ਼੍ਰੀਮਤੀ ਅੰਜਨਾ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਇੰਦੂ ਬਾਲਾ ਸਮੇਤ ਹੋਰ ਪਤਵੰਤਿਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।

ਸਮਾਜ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ

ਇਸ ਮੌਕੇ ਸਾਰੇ ਮੌਜੂਦ ਮਾਪਿਆਂ, ਕੋਚਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਹਿਲ ਵਿਸ਼ੇਸ਼ ਖਿਡਾਰੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਸਮਾਜ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੌਧਿਕ ਤੌਰ ‘ਤੇ ਅਪਾਹਜ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਇੱਕ ਸੰਵੇਦਨਸ਼ੀਲ ਅਤੇ ਦੂਰਅੰਦੇਸ਼ੀ ਫੈਸਲਾ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਇਸ ਖੇਡ ਨੀਤੀ ਨੂੰ ਲਾਗੂ ਕਰਕੇ ਵਿਸ਼ੇਸ਼ ਖਿਡਾਰੀਆਂ ਦਾ ਮਨੋਬਲ ਵਧਾਇਆ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਨੀਤੀ ਲਾਗੂ ਕੀਤੀ ਗਈ ਹੈ, ਇਸ ਤਰ੍ਹਾਂ ਦੀ ਨੀਤੀ ਕਿਸੇ ਦੂਜੇ ਰਾਜ ਦੀ ਸਰਕਾਰ ਨੇ ਲਾਗੂ ਨਹੀਂ ਕੀਤੀ।

ਪਰਮਜੀਤ ਸੱਚਦੇਵਾ ਨੇ ਕਿਹਾ ਕਿ ਆਸ਼ਾ ਕਿਰਨ ਸਕੂਲ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਨੇ 2013 ਵਿੱਚ ਕੋਰੀਆ ਵਿੱਚ ਹੋਈ ਸਪੈਸ਼ਲ ਓਲੰਪਿਕ ਦੇ ਦੌਰਾਨ ਦੇਸ਼ ਦੇ ਖਿਡਾਰੀਆਂ ਦੀ ਅਗਵਾਈ ਕੀਤੀ ਸੀ ਅਤੇ ਕਈ ਜਿੱਤਾਂ ਦਰਜ ਕੀਤੀਆਂ ਸਨ, ਉਨ੍ਹਾਂ ਕਿਹਾ ਕਿ ਉਦੋਂ ਸਾਡੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਵਿਸ਼ੇਸ਼ ਖਿਡਾਰੀਆਂ ਦੇ ਸਨਮਾਨ ਲਈ ਕੋਈ ਖੇਡ ਨੀਤੀ ਬਣਾਈ ਜਾਵੇ, ਉਦੋਂ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਇਸ ਬਾਰੇ ਸੰਸਦ ਵਿੱਚ ਸਵਾਲ ਵੀ ਚੁੱਕਿਆ ਸੀ, ਪਰਮਜੀਤ ਸੱਚਦੇਵਾ ਨੇ ਦੱਸਿਆ ਕਿ 2015 ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਸ਼ੇਸ਼ ਖਿਡਾਰੀਆਂ ਲਈ ਖੇਡ ਨੀਤੀ ਬਣਾਈ ਪਰ ਉਦੋਂ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ 2017 ਵਿੱਚ ਬਣੀ ਕਾਂਗਰਸ ਸਰਕਾਰ ਨੇ ਕੋਈ ਕਦਮ ਚੁੱਕਿਆ ਪਰ 2022 ਵਿੱਚ ਜਦੋਂ ਆਪ ਦੀ ਸਰਕਾਰ ਬਣੀ ਅਤੇ ਖੇਡ ਮੰਤਰੀ ਮੀਤ ਹੇਅਰ ਬਣੇ ਤਾਂ ਉਨ੍ਹਾਂ ਨੇ ਪਾਲਿਸੀ ‘ਤੇ ਕੰਮ ਸ਼ੁਰੂ ਕੀਤਾ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਆਪ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ੇਸ਼ ਖਿਡਾਰੀਆਂ ਦੀ ਖੇਡ ਨੀਤੀ ਨੂੰ ਲਾਗੂ ਕਰ ਇਨ੍ਹਾਂ ਖਿਡਾਰੀਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਦਾ ਮਾਣ ਵਧਾਇਆ ਹੈ।

By admin

Related Post