Breaking
Tue. Jun 9th, 2026

ਮੰਡਾਲਾ ਛੰਨਾ ਵਿਖੇ ਨਵੀਂ ਨੋਚ ਲਗਾਉਣ ਦਾ ਮਸਲਾ ਹੋਇਆ ਹੱਲ

ਮੰਡਾਲਾ ਛੰਨਾ

ਸੰਤ ਸੀਚੇਵਾਲ ਵੱਲੋਂ ਕਿਸਾਨ ਗੁਰਮੁੱਖ ਸਿੰਘ ਦਾ ਧੰਨਵਾਦ

18 ਕਰੋੜ ਰੁਪਏ ਦੀ ਲਾਗਤ ਨਾਲ ਡਰੇਨੇਜ ਵਿਭਾਗ ਨੇ ਬੰਨ੍ਹ ਕੀਤਾ ਮਜ਼ਬੂਤ

ਜਲੰਧਰ 9 ਜੂਨ (ਜਸਵਿੰਦਰ ਸਿੰਘ ਆਜ਼ਾਦ)- ਪਿੰਡ ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਸੁਰੱਖਿਆ ਲਈ ਨਵੀਂ ਨੋਚ ਲਗਾਉਣ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਮਸਲਾ ਹੱਲ ਹੋ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਦਲੇਰੀ ਅਤੇ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਆਪਣੀ ਜ਼ਮੀਨ ਵਿੱਚ ਨੋਚ ਲਗਾਉਣ ਲਈ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਡਰੇਨੇਜ ਅਤੇ ਮਾਲ ਵਿਭਾਗ ਤੁਰੰਤ ਸਰਗਰਮ ਹੋ ਗਏ ਹਨ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਅਤੇ ਯਤਨਾਂ ਸਦਕਾ ਇਸ ਮਸਲੇ ਦਾ ਹੱਲ ਸੰਭਵ ਹੋ ਸਕਿਆ। ਸੰਤ ਸੀਚੇਵਾਲ ਨੇ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ, ਡਰੇਨੇਜ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕਰਕੇ ਜ਼ਮੀਨ ਦੀ ਮਿਣਤੀ ਕਰਵਾਈ। ਇਸ ਦੇ ਨਾਲ ਹੀ ਡਰੇਨੇਜ ਵਿਭਾਗ ਵੱਲੋਂ ਸਰਵੇ ਕਰਕੇ ਪ੍ਰੋਜੈਕਟ ਦਾ ਅਨੁਮਾਨਿਤ ਖ਼ਰਚਾ ਤਿਆਰ ਕਰਨ ਦੀ ਪ੍ਰਕਿਿਰਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸੰਤ ਸੀਚੇਵਾਲ ਨੇ ਕਿਸਾਨ ਗੁਰਮੁੱਖ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਯੋਗਦਾਨ ਨਾਲ ਇਲਾਕੇ ਨੂੰ ਭਵਿੱਖ ਵਿੱਚ ਆਉਣ ਵਾਲੇ ਹੜ੍ਹਾਂ ਦੇ ਖ਼ਤਰੇ ਤੋਂ ਵੱਡੀ ਰਾਹਤ ਮਿਲੇਗੀ। ਇਸ ਵਾਰ ਪੰਜਾਬ ਸਰਕਾਰ ਵੱਲੋਂ ਡਰੇਨਜ਼ ਵਿਭਾਗ ਦੀ ਮਿਹਨਤ ਸਦਕਾ ਤਕਰੀਬਨ 18 ਕਰੋੜ ਰੁਪਏ ਦੀ ਲਾਗਤ ਨਾਲ ਪੱਥਰ ਲਗਾ ਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਇਸ ਇਲਾਕੇ ਵਿੱਚ ਦਰਿਆ ਦੇ ਕਿਨਾਰੇ ਵੱਡੀ ਢਾਅ ਲੱਗੀ ਸੀ ਅਤੇ ਬੰਨ੍ਹ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਦਰਿਆ ਦੇ ਪਾਣੀ ਨੂੰ ਬੰਨ ਤੋਂ ਦੂਰ ਰੱਖਣ ਲਈ ਨੋਚਾਂ ਲਗਾਉਣੀਆਂ ਬਹੁਤ ਜ਼ਰੂਰੀ ਸਨ, ਪਰ ਇਸ ਲਈ ਲੋੜੀਂਦੀ ਜ਼ਮੀਨ ਦੀ ਪ੍ਰਾਪਤੀ ਵਿੱਚ ਰੁਕਾਵਟ ਆ ਰਹੀ ਸੀ।

ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਮਸਲਾ ਸੁਲਝਾਇਆ ਗਿਆ ਹੈ

ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਮਸਲਾ ਸੁਲਝਾਇਆ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਇਲਾਕੇ ਦੀ ਭਲਾਈ ਨੂੰ ਪਹਿਲ ਦਿੰਦਿਆਂ ਨੋਚਾਂ ਲਗਾਉਣ ਲਈ ਆਪਣੀ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਗੁਰਮੁੱਖ ਸਿੰਘ ਦੀ ਪਹਿਲਾਂ ਹੀ 18 ਏਕੜ ਜ਼ਮੀਨ ਦਰਿਆ ਦੀ ਢਾਹ ਲੱਗਣ ਕਾਰਨ ਦਰਿਆ ਬੁਰਦ ਹੋ ਚੁੱਕੀ ਹੈ, ਫਿਰ ਵੀ ਉਨ੍ਹਾਂ ਨੇ ਵੱਡੇ ਦਿਲ ਦਾ ਪ੍ਰਗਟਾਵਾ ਕਰਦਿਆਂ ਲੋਕ ਹਿੱਤ ਵਿੱਚ ਇਹ ਕਦਮ ਚੁੱਕਿਆ ਹੈ। ਉਨ੍ਹਾਂ ਤਹਿਸੀਲਦਾਰ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ, ਇਲਾਕੇ ਦੇ ਸਰਪੰਚਾਂ ਅਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਾਮਲੇ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਸੰਤ ਸੀਚੇਵਾਲ ਨੇ ਪ੍ਰਸ਼ਾਸਨ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਤੋਂ ਸੁਰੱਖਿਆ ਲਈ ਪਹਿਲਾਂ ਹੀ ਬਚਾਅ ਦੇ ਉਪਰਾਲੇ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਡਰੇਨਜ਼ ਵਿਭਾਗ ਵੱਲੋਂ ਦਰਿਆ ਨੂੰ ਸਾਫ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਸਰਕਾਰ ਨੇ 30 ਜੂਨ ਤੱਕ ਲੋਕਾਂ ਨੂੰ ਉਥੋਂ ਮਿੱਟੀ ਕੱਢਣ ਦੀ ਆਗਿਆ ਦਿੱਤੀ ਹੈ ਤਾਂ ਜੋ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ।

ਇਸ ਮੌਕੇ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਵੇ ਦਾ ਸਾਰਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਪ੍ਰਾਜੈਕਟ ਮਨਜ਼ੂਰੀ ਲਈ ਅੱਗੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਪੂਰੀ ਕੋਸ਼ਿਸ਼ ਹੈ ਕਿ ਬਰਸਾਤਾਾਂ ਤੋਂ ਪਹਿਲਾਂ ਨੋਚਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਬੰਨ੍ਹ ਨੂੰ ਮਜ਼ਬੂਤ ਕਰਕੇ ਇਲਾਕੇ ਨੂੰ ਹੜ੍ਹਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

By admin

Related Post