ਨਿੱਜੀ ਸਵਾਰਥ ਤੋਂ ਉੱਪਰ ਉੱਠਕੇ ਕੀਤੇ ਗਏ ਕਾਰਜ ਹੀ ਮਨੁੱਖ ਨੂੰ ਮਹਾਨ ਬਣਾਉਂਦੇ ਹਨ- ਬ੍ਰਹਮਰਿਸ਼ੀ ਵਿਸ਼ਾਲ ਜੀ
ਜਲੰਧਰ 24 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਆਧੁਨਿਕ ਯੁੱਗ ਵਿੱਚ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਦਾ ਸਫਲਤਾ ਪੂਰਵਕ ਟਾਕਰਾ ਕਰਦਿਆਂ ਤੰਦਰੁਸਤ, ਖੁਸ਼ਹਾਲ ਅਤੇ ਸਫ਼ਲ ਜੀਵਨ ਜੀਣ ਦੀ ਕਲਾ ਸਿਖਾਉਣ ਵਾਲੀ 7 ਦਿਨਾਂ ਵਿਸ਼ੇਸ਼ ਯੋਗ ਅਤੇ ਧਿਆਨ ਵਰਕਸ਼ਾਪ ਸਥਾਨਿਕ ਲੱਧੇਵਾਲੀ ਰੋਡ ਸਥਿੱਤ ਰਾਜਪੂਤ ਭਵਨ ਵਿਖੇ ਲਗਾਤਾਰ ਜਾਰੀ ਹੈ। ਅਜੋਕੇ ਸਮੇਂ ਅੰਦਰ ਬ੍ਰਹਿਮੰਡ ਭਰ ਵਿੱਚ ਗੁਰੂਆਂ ਦੇ ਗੁਰੂ ਵਜੋਂ ਜਾਣੇ ਜਾਂਦੇ ਸ਼੍ਰੀ ਸ਼੍ਰੀ ਸੁਦਰਸ਼ਨ ਜੀ ਦੀ ਅਗਵਾਈ ਹੇਠ ਹਰ ਤਰ੍ਹਾਂ ਦੇ ਪੰਥ ਮਜਹਬ ਤੋਂ ਨਿਰਲੇਪ ਰਹਿ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਚਨਬੱਧ ਇਸ ਕੇਂਦਰ ਵਲੋਂ 22 ਜਨਵਰੀ ਤੋਂ 28 ਜਨਵਰੀ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਦੌਰਾਨ ਬ੍ਰਹਮਰਿਸ਼ੀ ਵਿਸ਼ਾਲ ਜੀ ਸਿਖਿਆਰਥੀਆਂ ਨੂੰ ਸੁਯੋਗ ਢੰਗ ਨਾਲ ਮਾਰਗ ਦਰਸ਼ਨ ਕਰ ਰਹੇ ਹਨ।
ਵਰਕਸ਼ਾਪ ਦੇ ਤੀਜੇ ਦਿਨ ਹਾਜਰੀਨ ਨੂੰ ਸੰਬੋਧਿਤ ਕਰਦੇ ਹੋਏ ਬ੍ਰਹਮਰਿਸ਼ੀ ਵਿਸ਼ਾਲ ਜੀ ਨੇ ਕਿਹਾ ਕਿ ਨਿੱਜੀ ਸਵਾਰਥ ਅਤੇ ਆਪਣੇ ਖੂਨ ਦੇ ਰਿਸਤਿਆਂ ਤੋਂ ਉੱਪਰ ਉੱਠਕੇ ਸਮੁੱਚੀ ਲੋਕਾਈ ਦੀ ਭਲਾਈ ਨੂੰ ਮੁੱਖ ਰੱਖ ਕੇ ਚੱਲਣਾ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਸ਼ਹੀਦ ਭਗਤ ਸਿੰਘ ਸਮੇਤ ਹੋਰ ਯੋਧਿਆਂ ਅਤੇ ਦੇਸ਼ ਭਗਤਾਂ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਨੇ ਹਾਜਰੀਨ ਨੂੰ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਤੱਤਪਰ ਰਹਿਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਆਪਣੇ ਪਰਿਵਾਰ ਤੋਂ ਉੱਪਰ ਉੱਠਕੇ ਸਮੁੱਚੇ ਰਾਸ਼ਟਰ ਦੇ ਹਿੱਤਾਂ ਲਈ ਜੂਝਣ ਵਾਲੇ ਫੌਜੀ ਅਤੇ ਹੋਰ ਯੋਧਿਆਂ ਨੂੰ ਅਸੀਂ ਇਸੇ ਲਈ ਸਲਿਊਟ ਕਰਦੇ ਹਾਂ ਕਿਉਂਕਿ ਉਹ ਆਪਣੇ ਪਰਿਵਾਰ ਦੇ ਹਿੱਤਾਂ ਤੋਂ ਉੱਪਰ ਉੱਠਕੇ ਕਰੋੜਾਂ ਦੇਸ਼ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣਾ ਜੀਵਨ ਲਗਾ ਦਿੰਦੇ ਹਨ।
ਸਮਾਜਿਕ ਰਿਸ਼ਤਿਆਂ ਵਿੱਚ ਆ ਚੁੱਕੀ ਦੂਰੀ ਦਾ ਅਸਲੀ ਕਾਰਨ
ਇਸਦੇ ਨਾਲ ਹੀ ਬ੍ਰਹਮਰਿਸ਼ੀ ਵਿਸ਼ਾਲ ਜੀ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਉੱਪਰ ਬੇਲੋੜਾ ਦਬਾਅ ਪਾਉਣ ਤੋਂ ਜਾਗਰੂਕ ਕਰਦਿਆਂ ਦੱਸਿਆ ਕਿ ਅਜੋਕੇ ਭੱਜ ਦੜ ਅਤੇ ਮੁਕਾਬਲੇ ਦੇ ਦੌਰ ਵਿੱਚ ਔਲਾਦ ਉੱਪਰ ਪਾਇਆ ਜਾਣ ਵਾਲਾ ਦਬਾਅ ਹੀ ਘਰਾਂ ਵਿੱਚ ਵਧ ਚੁੱਕੇ ਕਲੇਸ਼ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਆ ਚੁੱਕੀ ਦੂਰੀ ਦਾ ਅਸਲੀ ਕਾਰਨ ਹੈ।
ਮਹਾਨ ਸਖਸੀਅਤ ਦੇ ਮਾਲਕ ਬਣਨ ਲਈ ਉੱਚੀ ਮਾਨਸਿਕਤਾ ਦੇ ਨਾਲ ਨਾਲ ਤੰਦਰੁਸਤ ਸਰੀਰ ਦੀ ਲੋੜ ਤੇ ਜੋਰ ਦਿੰਦਿਆਂ ਬ੍ਰਹਮਰਿਸ਼ੀ ਵਿਸ਼ਾਲ ਜੀ ਨੇ ਜਿੱਥੇ ਹਾਜਰੀਨ ਨੂੰ ਯੋਗ ਕਿਰਿਆ ਦੇ ਲਾਭਦਾਇਕ ਆਸਣ ਕਰਵਾਏ ਉੱਥੇ ਹੀ ਸੰਗੀਤਕ ਧੁਨਾਂ ਉੱਪਰ ਨਾਚ ਦੇ ਸੈਸ਼ਨ ਦਾ ਹਾਜਰ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ।
ਰੋਜ਼ਾਨਾ ਸਵੇਰੇ 5ਵਜੇ ਤੋਂ 7 ਵਜੇ ਤੱਕ ਚੱਲਣ ਵਾਲੀ ਇਹ ਜੀਵਨ ਬਦਲ ਕੇ ਰੱਖ ਦੇਣ ਵਾਲੀ ਵਰਕਸ਼ਾਪ ਵਿੱਚ ਪਹਿਲੀ ਵਾਰ ਰਜਿਸਟਰਡ ਹੋ ਕੇ ਭਾਗ ਲੈਣ ਵਾਲਿਆਂ ਤੋਂ ਇਲਾਵਾ ਇਸ ਵਰਕਸ਼ਾਪ ਵਿੱਚ ਪਹਿਲਾਂ ਤੋਂ ਭਾਗ ਲੈ ਚੁੱਕੇ ਯੈਲੋ ਕਾਰਡ ਧਾਰਕ ਸਿਖਿਆਰਥੀ ਵੀ ਹੋਰ ਵਧੇਰੇ ਊਰਜਾ ਨਾਲ ਜੀਵਨ ਨੂੰ ਸਾਰਥਕ ਬਣਾਉਣ ਲਈ ਇਸ ਵਰਕਸ਼ਾਪ ਵਿੱਚ ਪਹੁੰਚ ਕੇ ਲਾਭ ਲੈ ਸਕਦੇ ਹਨ।