Breaking
Mon. Jun 1st, 2026

ਫੁੱਟਬਾਲ ਕੋਚਿੰਗ ਦੇ ਹੁਨਰ ਅਤੇ ਸਿਖਲਾਈ ਸਬੰਧੀ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਾਰ ਰੋਜ਼ਾ ਸਿਖਲਾਈ ਕੈਂਪ 5 ਜੂਨ ਤੋਂ

ਫੁੱਟਬਾਲ

ਹੁਸ਼ਿਆਰਪੁਰ /ਮਹਿਲਪੁਰ, 1 ਜੂਨ ( ਤਰਸੇਮ ਦੀਵਾਨਾ ) – ਫੁੱਟਬਾਲ ਦੀ ਖੇਡ ਵਿੱਚ ਮਿਆਰੀ ਕੋਚਿੰਗ ਦੇ ਕਰੀਅਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਫੁੱਟਬਾਲ ਪਲੇਅਰਜ ਐਸੋਸੀਏਸ਼ਨ ਪੰਜਾਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਹਿਯੋਗ ਨਾਲ ਮਿਤੀ 5 ਜੂਨ ਤੋਂ 8 ਜੂਨ ਤੱਕ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿਚ ਫੁੱਟਬਾਲ ਖੇਡ ਦੇ ਕੋਚਾਂ ਲਈ ਮੁੱਢਲਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਕਾਲਜ ਵਿੱਚ ਉਕਤ ਕੈਂਪ ਦਾ ਉਦਘਾਟਨ 5 ਜੂਨ ਨੂੰ ਸਵੇਰੇ ਗਿਆਰਾਂ ਵਜੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਵੱਲੋਂ ਕੌਂਸਲ ਦੇ ਸਰਪ੍ਰਸਤ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਸਕੱਤਰ ਪ੍ਰੋ ਅਪਿੰਦਰ ਸਿੰਘ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਇਸ ਸਬੰਧੀ ਅੱਜ ਕਾਲਜ ਵਿੱਚ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨਵਰ ਅਲੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਫੁੱਟਬਾਲ ਐਸੋਸੀਏਸ਼ਨ ਵੱਲੋਂ ਫੁੱਟਬਾਲ ਦੇ ਕੋਚਾਂ ਲਈ ਲਗਾਏ ਜਾ ਰਹੇ ਇਸ ਕੈਂਪ ਦੀ ਸਫਲਤਾ ਲਈ ਵੱਧ ਤੋਂ ਵੱਧ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਫੁੱਟਬਾਲ ਖੇਡ ਦੀ ਮਿਆਰੀ ਕੋਚਿੰਗ ਸਬੰਧੀ ਸਿਖਲਾਈ ਵਾਸਤੇ ਅਜਿਹੇ ਕੈਂਪ ਖੇਡ ਦੀ ਪ੍ਰਫੁੱਲਤਾ ਵਿੱਚ ਹੋਰ ਸਹਾਇਕ ਹੋਣਗੇ।

ਮਿਆਰੀ ਕੋਚਿੰਗ ਨਾਲ ਹੀ ਫੁੱਟਬਾਲ ਖੇਡ ਮਿਆਰੀ ਬਣਦੀ ਹੈ

ਇਸ ਮੌਕੇ ਗੱਲ ਕਰਦਿਆਂ ਪ੍ਰਧਾਨ ਅਨਵਰ ਅਲੀ ਨੇ ਕਿਹਾ ਕਿ ਇਸ ਬੇਸਿਕ ਸਿਖਲਾਈ ਕੈਂਪ ਵਿੱਚ ਪਿੰਡਾਂ, ਅਕੈਡਮੀਆਂ, ਕਾਲਜਾਂ ਆਦਿ ਦੀਆਂ ਫੁੱਟਬਾਲ ਟੀਮਾਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਕੋਚਿੰਗ ਸਬੰਧੀ ਹੋਰ ਹੁਨਰਮੰਦ ਬਣਾਉਣ, ਕੋਚਿੰਗ ਵਿੱਚ ਕਰੀਅਰ ਦੇ ਵੱਧ ਤੋਂ ਵੱਧ ਮੌਕੇ ਪ੍ਰਫੁੱਲਿਤ ਕਰਨ ਅਤੇ ਖੇਡ ਦੇ ਬਾਰੀਕੀ ਨਾਲ ਨਿਰੀਖਣ ਸਬੰਧੀ ਪ੍ਰੈਕਟੀਕਲ, ਥਿਊਰੀ, ਵਿਚਾਰ ਚਰਚਾ ਅਤੇ ਕਲਾਸ ਰੂਮ ਲੈਕਚਰ ਹੋਣਗੇ। ਉਨ੍ਹਾਂ ਕਿਹਾ ਕਿ ਮਿਆਰੀ ਕੋਚਿੰਗ ਨਾਲ ਹੀ ਫੁੱਟਬਾਲ ਖੇਡ ਮਿਆਰੀ ਬਣਦੀ ਹੈ।

ਇਸ ਮੌਕੇ ਕੋਚ ਹਰਪ੍ਰੀਤ ਸਿੰਘ ਨੇ ਫੁੱਟਬਾਲ ਦੇ ਕੋਚਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਕੋਚਿੰਗ ਕਰੀਅਰ ਨਾਲ ਸਬੰਧਤ ਖਿਡਾਰੀਆਂ ਨੂੰ ਰਜਿਸਟਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਪ੍ਰਸਿੱਧ ਫੁੱਟਬਾਲ ਕੋਚ ਹਰਮਨਜੋਤ ਸਿੰਘ ਖਾਬੜਾ, ਡਿਪਟੀ ਕਮਾਂਡੈਂਟ ਸੂਰਜ ਭਾਨ ਹਾਂਡਾ,ਡਾ ਰਾਜ ਕੁਮਾਰ, ਕੋਚ ਹਰਿੰਦਰ ਸਨੀ, ਕੋਚ ਚਰਨਜੀਤ ਸਿੰਘ ਵੀ ਹਾਜ਼ਰ ਸਨ।

By admin

Related Post