“ਰੋਸ ਮਾਰਚ ਕੱਢਦੇ ਹੋਏ ਮੋਦੀ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ”
ਹੁਸ਼ਿਆਰਪੁਰ 2 ਜੂਨ ( ਤਰਸੇਮ ਦੀਵਾਨਾ ) – ਅੱਜ ਸੈਂਕੜੇ ਕਾਂਗਰਸੀ ਵਰਕਰਾਂ ਨੇ ਜਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਦਲਜੀਤ ਸਿੰਘ ਗਿਲਜੀਆ ਦੀ ਅਗਵਾਈ ਹੇਠ ਨੀਟ ਪੇਪਰ ਲੀਕ ਅਤੇ ਸੀਬੀਐਸਈ ਵਿੱਚ ਫੈਲੀ ਅਵਿਵਸਥਾ ਅਤੇ ਮਾੜੇ ਪ੍ਰਬੰਧਾਂ ਦੇ ਵਿਰੋਧ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ।
ਕਾਂਗਰਸ ਵਰਕਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਵੀ ਫੂਕਿਆ ਅਤੇ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ।
ਧਰਨੇ ਨੂੰ ਸੰਬੋਧਨ ਕਰਦਿਆਂ ਦਲਜੀਤ ਗਿਲਜੀਆ ਸੀਨੀਅਰ ਨੇ ਕਿਹਾ ਕਿ ਦੇਸ਼ ਭਰ ਤੋਂ 22 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ, ਪਰ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੂਜੀ ਵਾਰ ਹੋਇਆ ਹੈ, ਜਦੋਂ ਨੀਟ ਦਾ ਪੇਪਰ ਫਿਰ ਲੀਕ ਹੋਇਆ ਹੈ, ਲੇਕਿਨ ਇਸ ਮਾਮਲੇ ਵਿੱਚ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਵਾਰ-ਵਾਰ ਨੀਟ ਪ੍ਰੀਖਿਆਵਾਂ ਕਰਵਾਉਣ ਵਿੱਚ ਨਾਕਾਮ ਰਹੀ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਭੰਗ ਕੀਤਾ ਜਾਵੇ
ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਮੰਗ ਕੀਤੀ ਕਿ ਵਾਰ-ਵਾਰ ਨੀਟ ਪ੍ਰੀਖਿਆਵਾਂ ਕਰਵਾਉਣ ਵਿੱਚ ਨਾਕਾਮ ਰਹੀ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਭੰਗ ਕੀਤਾ ਜਾਵੇ ਅਤੇ ਨੀਟ ਪ੍ਰੀਖਿਆਵਾਂ ਲਈ ਭਰੋਸੇਯੋਗ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਈ ਜਾਵੇ, ਕਿਉਂਕਿ ਇਹ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਮਾਮਲਾ ਹੈ।
ਉਨ੍ਹਾਂ ਨੇ ਸੀਬੀਐਸਈ ਦੀ ਆਨਲਾਈਨ ਸਕਰੀਨ ਮਾਰਕਿੰਗ (ਓਐਸਐਮ) ਪ੍ਰਣਾਲੀ ਵਿੱਚ ਪਾਈਆਂ ਗਈਆਂ ਗੰਭੀਰ ਖਾਮੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਇਸ ਲਈ ਪੈਦਾ ਹੋਈ ਹੈ, ਕਿਉਂਕਿ ਜਿਸ ਕੰਪਨੀ ਕੋਐਮਪਟ ਐਡੂਟੈਕ ਨੂੰ ਇਸਦਾ ਠੇਕਾ ਦਿੱਤਾ ਗਿਆ ਹੈ, ਉਸ ਕੋਲ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਲੋੜੀਂਦਾ ਤਜਰਬਾ ਅਤੇ ਮਾਹਰਤਾ ਨਹੀਂ ਹੈ।
ਇਸ ਮੌਕੇ ਦਲਜੀਤ ਗਿਲਜੀਆ ਨੇ ਖੁਲਾਸਾ ਕੀਤਾ ਕਿ ਕੋਐਮਪਟ ਐਡੂਟੈਕ ਨੂੰ ਵਿਸ਼ੇਸ਼ ਛੋਟਾਂ ਦੇ ਕੇ ਠੇਕਾ ਦਿੱਤਾ ਗਿਆ ਸੀ ਅਤੇ ਇਸ ਲਈ ਨਿਯਮਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਕੰਪਨੀ ਨੂੰ ਪਹਿਲਾਂ ਤੇਲੰਗਾਨਾ ਸਰਕਾਰ ਵੱਲੋਂ ਬਲੈਕਲਿਸਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਆਖ਼ਿਰ ਇਸ ਕੰਪਨੀ ਨੂੰ ਵਿਸ਼ੇਸ਼ ਰਿਆਇਤਾਂ ਕਿਉਂ ਦਿੱਤੀਆਂ ਗਈਆਂ ਸਨ, ਜਦਕਿ ਇਹ ਵਿਦਿਆਰਥੀਆਂ ਦੇ ਭਵਿੱਖ ਅਤੇ ਕਰੀਅਰ ਨਾਲ ਖਿਲਵਾੜ ਕਰ ਰਹੀ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਜਦੋਂ ਇਹ ਆਪਣੇ ਹਰ ਫਰਜ਼ ਵਿੱਚ ਅਸਫਲ ਰਹੇ ਹਨ, ਤਾਂ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਨੂੰ ਬਚਾਉਣ ਅਤੇ ਸੁਰੱਖਿਆ ਦੇਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਰੋਹਿਤ ਜੋਸ਼ੀ, ਅਮਰਪ੍ਰੀਤ ਲਾਲੀ, ਸੁੰਦਰ ਸ਼ਾਮ ਅਰੋੜਾ, ਇੰਦੂ ਬਾਲਾ, ਰਣਜੀਤ ਕੁਮਾਰ, ਸੁਰਿੰਦਰ ਸਿੱਧੂ, ਬਲਵਿੰਦਰ ਬਿੱਟੂ, ਅਸ਼ਵਨੀ ਸ਼ਰਮਾ, ਬਲਵਿੰਦਰ ਕੌਰ, ਸੋਢੀ ਬਦਿਆਲ, ਮਨਜਿੰਦਰ ਸਿੰਘ, ਸੁਖਬੀਰ ਸਿੰਘ, ਅਸ਼ੋਕ ਸ਼ਰਮਾ, ਅਸ਼ੋਕ ਮਹਿਰਾ, ਹੰਸਰਾਜ, ਤੇ ਵੱਡੀ ਤਾਦਾਦ ਚ ਕਾਂਗਰਸੀ ਆਗੂ ਤੇ ਵਰਕਰ ਮਜੂਦ ਸਨ!

