Breaking
Tue. Jul 15th, 2025

ਇਕ ਦਿਨ ਡੀ.ਸੀ./ਸੀ.ਪੀ.ਦੇ ਸੰਗ…ਆਪਣੇ ਟੀਚੇ ਨੂੰ ਦ੍ਰਿੜਤਾ ਨਾਲ ਹਾਸਲ ਕਰਨ ਦੀ ਪ੍ਰੇਰਨਾ ਲੈ ਕੇ ਮੁੜੀਆਂ ਜ਼ਿਲ੍ਹੇ ਦੀਆਂ ਟੌਪਰ ਵਿਦਿਆਰਥਣਾਂ

ਇਕ ਦਿਨ

ਪਲੇਟਫਾਰਮ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ

ਜਲੰਧਰ 27 ਮਈ (ਜਸਵਿੰਦਰ ਸਿੰਘ ਆਜ਼ਾਦ)- ‘ਇਕ ਦਿਨ ਡੀ.ਸੀ./ਸੀ.ਪੀ.ਦੇ ਸੰਗ’ ਰਾਹੀਂ ਪੰਜਾਬ ਸਰਕਾਰ ਵੱਲੋਂ ਜੋ ਪਲੇਟਫਾਰਮ ਸਾਨੂੰ ਮੁਹੱਈਆ ਕਰਵਾਇਆ ਗਿਆ ਹੈ, ਉਹ ਸਾਡੇ ਵਰਗੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੇ ਨਿਰਮਾਣ ਵਿੱਚ ਬਹੁਤ ਸਹਾਈ ਸਾਬਤ ਹੋਵੇਗਾ।

ਇਹ ਕਹਿਣਾ ਹੈ ਜ਼ਿਲ੍ਹੇ ਦੀਆਂ ਬਾਰ੍ਹਵੀਂ ਕਲਾਸ ਵਿੱਚੋਂ ਟਾਪ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਮਾਧਵੀ ਸਲਾਰੀਆ (99 ਫੀਸਦੀ), ਸ਼ਾਕਸੀ (98.60 ਫੀਸਦੀ) ਅਤੇ ਅਮਨਪ੍ਰੀਤ ਕੌਰ (98.40 ਫੀਸਦੀ) ਦਾ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲ ਸਦਕਾ ਸੋਮਵਾਰ ਦਾ ਪੂਰਾ ਦਿਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਬਿਤਾਉਣ ਅਤੇ ਪ੍ਰਸ਼ਾਸਨਿਕ ਕਾਰਜਪ੍ਰਣਾਲੀ ਨੂੰ ਨੇੜਿਓਂ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ।

ਸਰਕਾਰ ਦੇ ਇਸ ਉਪਰਾਲੇ ਸਦਕਾ ਉਨ੍ਹਾਂ ਦੀ ਪ੍ਰਸ਼ਾਸਨ ਅਤੇ ਪੁਲਿਸ ਦੇ ਕੰਮਕਾਜ ਬਾਰੇ ਜਾਣਕਾਰੀ ਵਿੱਚ ਬਹੁਤ ਵਾਧਾ ਹੋਇਆ ਹੈ

ਇਸ ਅਵਸਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟਾਉਂਦਿਆਂ ਵਿਦਿਆਰਥਣਾਂ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਸਦਕਾ ਉਨ੍ਹਾਂ ਦੀ ਪ੍ਰਸ਼ਾਸਨ ਅਤੇ ਪੁਲਿਸ ਦੇ ਕੰਮਕਾਜ ਬਾਰੇ ਜਾਣਕਾਰੀ ਵਿੱਚ ਬਹੁਤ ਵਾਧਾ ਹੋਇਆ ਹੈ। ਭਵਿੱਖ ਵਿੱਚ ਯੂ.ਪੀ.ਐਸ.ਸੀ. ਅਤੇ ਹੋਰ ਮੁਕਾਬਲੇ ਦੇ ਇਮਾਤਿਹਾਨ ਸਰ ਕਰਨ ਅਤੇ ਸਮਾਜ ਦੀ ਤਰੱਕੀ ਵਿੱਚ ਉਸਾਰੂ ਯੋਗਦਾਨ ਪਾਉਣ ਦੀ ਦ੍ਰਿੜ ਪ੍ਰਤੀਬਧਤਾ ਪ੍ਰਗਟਾਉਂਦਿਆਂ ਵਿਦਿਆਰਥਣਾਂ ਨੇ ਕਿਹਾ ਕਿ ਕੱਲ ਦਾ ਦਿਨ ਉਨ੍ਹਾਂ ਲਈ ਬਹੁਤ ਮਹੱਤਵਪੂਰਣ ਰਿਹਾ ਹੈ, ਜੋ ਉਨ੍ਹਾਂ ਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਨਿਰੰਤਰ ਅੱਗੇ ਵਧਣ ਅਤੇ ਸਖ਼ਤ ਮਿਹਨਤ ਤੋਂ ਕਦੇ ਵੀ ਪਿੱਛੇ ਨਾ ਹਟਣ ਦੀ ਪ੍ਰੇਰਨਾ ਦਿੰਦਾ ਰਹੇਗਾ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਦੀ ‘ਇਕ ਦਿਨ ਡੀ.ਸੀ./ਸੀ.ਪੀ.ਦੇ ਸੰਗ’ ਪਹਿਲ ਤਹਿਤ ਜ਼ਿਲ੍ਹੇ ਦੀਆਂ ਟੌਪਰ ਵਿਦਿਆਰਥਣਾਂ ਦੇ ਦੋ ਸਮੂਹਾਂ ਨੇ ਕੱਲ ਦਾ ਪੂਰਾ ਦਿਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਬਿਤਾਇਆ ਅਤੇ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਕੰਮ ਬਾਰੇ ਕਰੀਬ ਤੋਂ ਜਾਣਿਆ।

10ਵੀਂ ਕਲਾਸ ਦੀਆਂ ਜ਼ਿਲ੍ਹੇ ਵਿਚੋਂ ਟੌਪ ਕਰਨ ਵਿਦਿਆਰਥਣਾਂ ਪ੍ਰੀਤੀ ਕੁਮਾਰੀ (97.85 ਫੀਸਦੀ), ਨਵਨੀਤ ਕੌਰ (97.54 ਫੀਸਦੀ) ਅਤੇ ਨੀਲੂ ਕੁਮਾਰੀ (97.54 ਫੀਸਦੀ), ਜਿਨ੍ਹਾਂ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਦਿਨ ਬਿਤਾਉਣ ਦਾ ਮੌਕਾ ਮਿਲਿਆ, ਨੇ ਸੁਰੱਖਿਆ ਵਿਵਸਥਾ, ਕਮਿਊਨਟੀ ਪੁਲਸਿੰਗ ਤੇ ਪੁਲਿਸ ਦੇ ਕੰਮ-ਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।

ਬਾਰਵੀਂ ਜਮਾਤ ਦੀਆਂ ਟੌਪਰ ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਫੇਰੀ ਦੌਰਾਨ ਸੇਵਾ ਕੇਂਦਰ ਦੀ ਕਾਰਜਪ੍ਰਣਾਲੀ, ਰਜਿਸਟ੍ਰੇਸ਼ਨ ਪ੍ਰਕਿਰਿਆ, ਡਿਪਟੀ ਕਮਿਸ਼ਨਰ ਵੱਲੋਂ ਲੋਕ ਸਮੱਸਿਆਵਾਂ ਦੀ ਸੁਣਵਾਈ ਤੇ ਹੜ੍ਹਾਂ ਦੀ ਰੋਕਥਾਮ ਸਬੰਧੀ ਮੀਟਿੰਗ, ਐਸ.ਡੀ.ਐਮ. ਜਲੰਧਰ-2 ਦੀ ਕੋਰਟ ਦੀ ਕਾਰਵਾਈ, ਥਾਣਾ ਨਵੀਂ ਬਾਰਾਂਦਰੀ ਵਿਖੇ ਪੁਲਿਸ ਦੇ ਕੰਮਕਾਜ ਬਾਰੇ ਜਾਣਿਆ।

ਜ਼ਿਲ੍ਹੇ ਦੇ 38 ਮੈਰਿਟ ਵਿੱਚ ਆਏ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਵਿੱਚ 13 ਵਿਦਿਆਰਥੀ 10ਵੀਂ ਅਤੇ 25 ਵਿਦਿਆਰਥੀ 12ਵੀਂ ਕਲਾਸ ਦੇ ਸ਼ਾਮਿਲ ਹਨ।

ਸ਼ਾਮ ਨੂੰ ਦਫ਼ਤਰੀ ਸਮੇਂ ਉਪਰੰਤ ਵਿਦਿਆਰਥਣਾਂ ਡਿਪਟੀ ਕਮਿਸ਼ਨਰ ਦੇ ਨਾਲ ਚਾਹ ’ਤੇ ਇਕੱਤਰ ਹੋਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਬੜੇ ਗਹੁ ਨਾਲ ਸੁਣਦਿਆਂ ਉਨ੍ਹਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਜੁੱਟ ਜਾਣ ਲਈ ਪ੍ਰੇਰਿਆ ਅਤੇ ਯੂ.ਪੀ.ਐਸ.ਸੀ. ਦੀ ਤਿਆਰੀ ਸਬੰਧੀ ਨੁਕਤੇ ਵੀ ਸਾਂਝੇ ਕੀਤੇ।

ਉਪਰੰਤ ਇਨ੍ਹਾਂ ਵਿਦਿਆਰਥਣਾਂ ਵੱਲੋਂ ਸਥਾਨਕ ਜਿੰਮਖਾਨਾ ਕਲੱਬ ਵਿਖੇ ਡਿਪਟੀ ਕਮਿਸ਼ਨਰ ਦੇ ਨਾਲ ਟੈਨਿਸ ਦਾ ਅਭਿਆਸ ਵੀ ਕੀਤਾ ਗਿਆ। ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਡਾ. ਅਗਰਵਾਲ ਨੇ ਸਰੀਰਤ ਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਸੱਦਾ ਵੀ ਦਿੱਤਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਇਕ ਦਿਨ ਡੀ.ਸੀ./ਸੀ.ਪੀ.ਦੇ ਸੰਗ’ ਪਹਿਲਕਦਮੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਦੇ ਨਾਲ-ਨਾਲ ਸਹੀ ਮਾਰਗ ਦਰਸ਼ਨ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਤਰੱਕੀ ਹਾਸਲ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

By admin

Related Post