ਹੁਸ਼ਿਆਰਪੁਰ, 15 ਸਤੰਬਰ ( ਤਰਸੇਮ ਦੀਵਾਨਾ )- ਨਿਪਾਲ ਵਿੱਚ ਆਏ ਹੜ੍ਹ ਗਲੋਬਲ ਵਾਰਮਿੰਗ ਦੀ ਹੀ ਦੇਣ ਹਨ। ਵੱਧ ਵਾਤਾਵਰਣ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ। ਲੋਕਾਂ ਨੂੰ ਓਜ਼ੋਨ ਪਰਤ ਦੀ ਮਹੱਤਤਾ ਅਤੇ ਇਸ ਦੀ ਮੌਜੂਦਾ ਸਥਿਤੀ ਸੰਬੰਧੀ ਜਾਣਕਾਰੀ ਦੇਣ ਲਈ ਸੰਸਾਰ ਭਰ `ਚ ਕੌਮਾਂਤਰੀ ਓਜ਼ੋਨ ਪਰਤ ਬਚਾਓ ਦਿਹਾੜਾ ਮੌਕੇ ਵਾਤਾਪਾਣੀ ਪ੍ਰੇਮੀ ਵਾਤਾਵਰਨ ਪ੍ਰੇਮੀ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਓਜੋ਼ਨ ਪਰਤ ਧਰਤੀ ਤੇ ਮੌਜੂਦ ਜੀਵਨ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਓਜ਼ੋਨ ਪਰਤ ਕਾਰਨ ਹੀ ਧਰਤੀ ਤੇ ਜੀਵਨ ਦੀ ਹੋਂਦ ਸੰਭਵ ਹੈ। ਜੇਕਰ ਸੂਰਜ ਤੋਂ ਨਿਕਲਣ ਵਾਲੀਆਂ ਪਰਾਬੈਂਗਣੀ ਕਿਰਨਾਂ ਮੂਲ ਰੂਪ ਵਿੱਚ ਧਰਤੀ ’ਤੇ ਪਹੁੰਚ ਜਾਣ ਤਾਂ ਧਰਤੀ ’ਤੇ ਸਾਰੇ ਸਜੀਵ ਖਤਮ ਹੋ ਜਾਣਗੇ।
ਸਹੋਤਾ ਨੇ ਕਿਹਾ ਕਿ ਧਰਤੀ ਲਈ ਊਰਜਾ ਦਾ ਮੁੱਖ ਸੋਮਾ ਸੂਰਜ ਤੋਂ ਆਉਣ ਵਾਲੀ ਧੁੱਪ ਹੈ। ਧੁੱਪ ਵਿੱਚ ਪਰਾਬੈਂਗਣੀ ਕਿਰਨਾਂ ਹੁੰਦੀਆਂ ਹਨ, ਜੋ ਬਹੁਤ ਖਤਰਨਾਕ ਹਨ। ਪਰਾਬੈਂਗਣੀ ਕਿਰਨਾਂ ਜਦੋਂ ਆਕਸੀਜਨ ਗੈਸ ਨਾਲ ਕਿਰਿਆ ਕਰਦੀਆਂ ਹਨ ਤਾਂ ਓਜ਼ੋਨ ਗੈਸ ਬਣਦੀ ਹੈ। ਫਿਰ ਓਜ਼ੋਨ ਪਰਤ ਮਨੁੱਖ, ਪਸ਼ੂਆਂ-ਪੰਛੀਆਂ ਅਤੇ ਬਨਸਪਤੀ ਲਈ ਇੱਕ ਰੱਖਿਅਕ ਵਜੋਂ ਕੰਮ ਕਰਦੀ ਹੈ। ਬ੍ਰਹਿਮੰਡ ਵਿੱਚ ਕੇਵਲ ਧਰਤੀ ਗ੍ਰਹਿ ਤੇ ਜੀਵਨ ਦੀ ਹੋਂਦ ਮਿਲਦੀ ਹੈ, ਜਿਸ ਦਾ ਮੁੱਖ ਕਾਰਨ ਧਰਤੀ ਦੇ ਆਲ਼ੇ-ਦੁਆਲ਼ੇ ਓਜ਼ੋਨ ਪਰਤ ਦਾ ਮੌਜੂਦ ਹੋਣਾ ਹੈ।
ਉਹਨਾਂ ਨੇ ਦੱਸਿਆ ਕਿ ਓਜ਼ਨ ਪਰਤ ਦੀ ਤਹਿ ਪਤਲੀ ਹੋਣ ਕਾਰਨ ਖਤਰਨਾਕ ਅਲਟ੍ਰਾਵਾਇਲਟ-ਬੀ ਕਿਰਨ ਧਰਤੀ ਤੇ ਪਹੁੰਚ ਕੇ ਇੱਥੋਂ ਦੇ ਜੀਵ-ਜੰਤੂਆਂ ਅਤੇ ਬਨਸਪਤੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਓਜ਼ੋਨ ਪਰਤ ਅਤੇ ਗਲੋਬਲ ਵਾਰਮਿੰਗ ਦਾ ਸਹਿ- ਸਬੰਧ ਹੈ। ਉਹਨਾਂ ਅਪੀਲ ਕੀਤੀ ਕਿ ਸਾਰੇ ਹੀ ਵਿਅਕਤੀ ਨਿੱਜੀ ਪੱਧਰ ਤੇ ਵਾਤਾਵਰਣ ਸੁਹਿਰਦ ਯਤਨ ਕਰਨ।

