ਫਾਜ਼ਿਲਕਾ ਦੇ ਅਬੋਹਰ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ’ਤੇ ਪੱਖਪਾਤ ਦੇ ਦੋਸ਼, ਮੰਦਿਰ ਹਿੰਦੂ ਸਮਾਜ ਨੂੰ ਵਾਪਸ ਦਿਵਾਉਣ ਦੀ ਮੰਗ
ਹੁਸ਼ਿਆਰਪੁਰ, 18 ਨਵੰਬਰ (ਤਰਸੇਮ ਦੀਵਾਨਾ) – ਬਜਰੰਗ ਦਲ ਹਿੰਦੋਸਤਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਚੱਬੇਵਾਲ ਦੇ ਮੁੱਖ ਚੌਕ ਵਿੱਚ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸੰਗਠਨ ਦੇ ਰਾਸ਼ਟਰੀ ਸੀਨੀਅਰ ਵਾਈਸ ਪ੍ਰਧਾਨ ਪਰਮਜੀਤ ਸਿੰਘ ਫੌਜੀ ਬੂਥਗੜ ਦੀ ਅਗਵਾਈ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਬਜਰੰਗ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਫੌਜੀ ਬੂਥਗੜ ਨੇ ਕਿਹਾ ਕਿ ਅਬੋਹਰ ਦੀ ਆਨੰਦ ਨਗਰੀ, ਗਲੀ ਨੰਬਰ ਪੰਜ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਹਿੰਦੂ ਸਮਾਜ ਦੀ ਡੂੰਘੀ ਧਾਰਮਿਕ ਆਸਥਾ ਦਾ ਕੇਂਦਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਦੇ ਸਮੇਂ ਇੱਕ ਮੁਸਲਿਮ ਪਰਿਵਾਰ ਵੱਲੋਂ ਮੰਦਿਰ ਦੀ ਇਮਾਰਤ ਵਿੱਚ ਰਹਿਣਾ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੇ ਸਥਾਪਿਤ ਮੂਰਤੀਆਂ ਨੂੰ ਹਟਾ ਦਿੱਤਾ ਗਿਆ ਅਤੇ ਮੰਦਿਰ ਨੂੰ ਮਸਜਿਦ ਦਾ ਰੂਪ ਦੇ ਕੇ ਨਮਾਜ਼ ਅਦਾ ਕੀਤੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਥਾਨਕ ਹਿੰਦੂ ਪਰਿਵਾਰਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਵੱਲੋਂ ਲਗਾਤਾਰ ਆਪਣੀ ਧਾਰਮਿਕ ਆਸਥਾ ਨਾਲ ਜੁੜੇ ਇਸ ਸਥਾਨ ਦੀ ਮੁੜ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੰਦਿਰ ਦੇ ਆਲੇ-ਦੁਆਲੇ ਰਹਿਣ ਵਾਲੇ ਹਿੰਦੂ ਪਰਿਵਾਰਾਂ ਨੂੰ ਕਥਿਤ ਤੌਰ ’ਤੇ ਡਰਾਇਆ-ਧਮਕਾਇਆ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਬਜਰੰਗ ਦਲ ਹਿੰਦੋਸਤਾਨ ਅਤੇ ਸਥਾਨਕ ਹਿੰਦੂ ਪਰਿਵਾਰਾਂ ਨੇ ਇਸ ਮਾਮਲੇ ਦਾ ਵਿਰੋਧ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਦੀ ਬਜਾਏ ਇੱਕਤਰਫ਼ਾ ਰਵੱਈਆ ਅਪਣਾਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦੌਰਾਨ ਪੁਲਿਸ ਮੁਲਾਜ਼ਮ ਜੁੱਤੀਆਂ ਸਮੇਤ ਉੱਥੇ ਪਹੁੰਚੇ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਤੋਂ ਇਲਾਵਾ ਸੰਗਠਨ ਦੇ ਪ੍ਰਧਾਨ ਕੁਲਦੀਪ ਸੋਨੀ ਨੂੰ ਪੁਲਿਸ ਵੱਲੋਂ ਕਈ-ਕਈ ਘੰਟੇ ਹਿਰਾਸਤ ਵਿੱਚ ਰੱਖ ਕੇ ਕਥਿਤ ਤੌਰ ’ਤੇ ਪਰੇਸ਼ਾਨ ਕੀਤਾ ਗਿਆ।
ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਸਥਾਨ ਅਤੇ ਉਸ ਨਾਲ ਜੁੜੀਆਂ ਆਸਥਾਵਾਂ ਦਾ ਸਤਿਕਾਰ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਹਿੰਦੂ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਵਿਵਾਦਿਤ ਸ਼ਿਵ ਮੰਦਿਰ ਦੇ ਮਾਮਲੇ ਦਾ ਕਾਨੂੰਨ ਅਨੁਸਾਰ ਹੱਲ ਕਰਦਿਆਂ ਇਸ ਦੀ ਧਾਰਮਿਕ ਪਛਾਣ ਬਹਾਲ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਗਠਨ ਵੱਲੋਂ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਰਾਸ਼ਟਰੀ ਵਾਈਸ ਪ੍ਰਧਾਨ ਜਸਵੀਰ ਸਿੰਘ ਮੈਂਟੂ ਜਟਪੁਰੀ, ਰਾਸ਼ਟਰੀ ਜਨਰਲ ਸਕੱਤਰ ਮਨਜੀਤ ਸਿੰਘ ਮਾਹਿਲਪੁਰੀ, ਦੁਆਬਾ ਜ਼ੋਨ ਪ੍ਰਧਾਨ ਸਨੀ ਨਸ਼ਰਾ, ਦੁਆਬਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਮਾਹਿਲਪੁਰੀ, ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦੀਪਕ ਕੁਮਾਰ, ਜ਼ਿਲ੍ਹਾ ਵਾਈਸ ਪ੍ਰਧਾਨ ਸੰਜੂ ਪਠਾਨੀਆ, ਸਿਟੀ ਵਾਈਸ ਪ੍ਰਧਾਨ ਅਤੁਲ ਵਾਲੀਆ, ਚੱਬੇਵਾਲ ਸਰਕਲ ਪ੍ਰਧਾਨ ਹੇਮਾ ਬਸੀ, ਦੁਆਬਾ ਵਾਈਸ ਪ੍ਰਧਾਨ ਜਤਿੰਦਰ ਗੋਲਡੀ, ਹਿੰਦੂ ਯੁਵਾ ਨੇਤਾ ਰਾਕੇਸ਼ ਭਾਰਦਵਾਜ ਤੋਂ ਇਲਾਵਾ ਸ਼ੀਤਲ, ਬੰਨੀ, ਲੱਕੀ, ਸੰਨੀ, ਮਾਨਵ, ਸੌਰਵ, ਰਾਜੀਵ ਕੁਮਾਰ, ਹਰਵਿੰਦਰ ਸਿੰਘ, ਭਿਸ਼ੀ, ਗੰਦਰਬ ਸਿੰਘ, ਵਿਜੈ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਠਨ ਦੇ ਵਰਕਰ ਹਾਜ਼ਰ ਸਨ।

