ਸਾਹਿਤਕ ਖੇਤਰ ਵਿੱਚ ਜੰਡਾ ਦਾ ਯੋਗਦਾਨ ਸ਼ਲਾਘਾਯੋਗ, ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚੋਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਝਲਕ ਮਿਲਦੀ ਹੈ : ਮਨਜੀਤ ਸਿੰਘ ਦਸੂਹਾ
ਹੁਸ਼ਿਆਰਪੁਰ, 16 ਨਵੰਬਰ (ਤਰਸੇਮ ਦੀਵਾਨਾ) – ਉੱਘੇ ਲੇਖਕ ਅਤੇ ਕਵੀ ਮਾਸਟਰ ਕੁਲਵਿੰਦਰ ਸਿੰਘ ਜੰਡਾ ਦੇ 15ਵੇਂ ਕਾਵਿ-ਸੰਗ੍ਰਹਿ ‘ਪੱਥਰ ਦੇ ਫੁੱਲ’ ਨੂੰ ਲੋਕ ਅਰਪਣ ਕਰਨ ਸਬੰਧੀ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਕਾਸ਼ ਕਰਕੇ ਕੀਤੀ ਗਈ। ਇਸ ਮੌਕੇ ਉੱਘੇ ਸੰਗੀਤਕਾਰ ਪ੍ਰੋਫੈਸਰ ਬਲਰਾਜ ਨੇ ਮਾਸਟਰ ਕੁਲਵਿੰਦਰ ਸਿੰਘ ਜੰਡਾ ਦੀਆਂ ਗ਼ਜ਼ਲਾਂ ਦਾ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਨ ਕੀਤਾ, ਜਿਸ ਨੇ ਹਾਜ਼ਰ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਉਪਰੰਤ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਉੱਘੇ ਲੇਖਕ ਅਤੇ ਨਾਵਲਕਾਰ ਡਾ. ਧਰਮਪਾਲ ਸਾਹਿਲ ਨੇ ਕਾਵਿ-ਸੰਗ੍ਰਹਿ ‘ਪੱਥਰ ਦੇ ਫੁੱਲ’ ਬਾਰੇ ਆਪਣਾ ਪਰਚਾ ਪੜ੍ਹਦਿਆਂ ਜੰਡਾ ਦੀ ਸਾਹਿਤਕ ਸਿਰਜਣਾ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਤਲਵਾੜ ਨੇ ਕਾਵਿ-ਸੰਗ੍ਰਹਿ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਾਸਟਰ ਜੰਡਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉੱਘੇ ਕਵੀ ਰਘਵੀਰ ਸਿੰਘ ਟੇਰਕਿਆਣਾ ਨੇ ਕਾਵਿ-ਸੰਗ੍ਰਹਿ ਦੀ ਕਾਵਿਕ ਵਿਸ਼ੇਸ਼ਤਾ ਅਤੇ ਰਚਨਾਵਾਂ ਦੀ ਰੂਪ-ਰੇਖਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸੇ ਤਰ੍ਹਾਂ ਸਾਬਕਾ ਡੀ ਪੀ ਆਰ ਉ ਗੁਲਜ਼ਾਰ ਸਿੰਘ ਕਾਲਕੱਟ ਨੇ ਮੁਹੰਮਦ ਰਫ਼ੀ ਦੇ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਵੀ ਆਪਣੇ ਵਿਲੱਖਣ ਅੰਦਾਜ਼ ਵਿੱਚ ਮਾਸਟਰ ਜੰਡਾ ਨੂੰ ਵਧਾਈ ਦਿੱਤੀ। ਸੱਭਿਆਚਾਰ ਸੰਭਾਲ ਸੁਸਾਇਟੀ ਦੇ ਸਕੱਤਰ ਹਰਵੰਤ ਸਿੰਘ ਕਮਲ ਅਤੇ ਸਾਬਕਾ ਰੇਂਜ ਅਫ਼ਸਰ ਜੀਵਨ ਕੁਮਾਰ ਜਸਵਾਲ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਮਾਸਟਰ ਜੰਡਾ ਨੂੰ ਵਧਾਈ ਦਿੱਤੀ।
ਸਮਾਗਮ ਦੇ ਮੁੱਖ ਮਹਿਮਾਨ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਆਪਣਾ 15ਵਾਂ ਕਾਵਿ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਕੇ ਸਾਹਿਤਕ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੰਡਾ ਸਾਹਿਤ ਦੇ ਨਾਲ-ਨਾਲ ਰਾਜਨੀਤਕ ਅਤੇ ਸਮਾਜਿਕ ਖੇਤਰ ਵਿੱਚ ਵੀ ਆਪਣੀ ਭੂਮਿਕਾ ਨਿਭਾਅ ਰਹੇ ਹਨ ਅਤੇ ਸਿਧਾਂਤਕ ਸੰਘਰਸ਼ ਲਈ ਹਮੇਸ਼ਾ ਡਟ ਕੇ ਪਹਿਰਾ ਦਿੰਦੇ ਹਨ। ਉਨ੍ਹਾਂ ਮਾਸਟਰ ਜੰਡਾ ਨੂੰ ਨਵੇਂ ਕਾਵਿ-ਸੰਗ੍ਰਹਿ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਪੜ੍ਹਦਿਆਂ ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ, ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਜੰਡਾ ਦੀਆਂ ਰਚਨਾਵਾਂ ਵਿੱਚ ਦਰਦ, ਵਿਛੋੜੇ, ਤਨਹਾਈ ਅਤੇ ਹਿਜਰ ਦੀ ਪੀੜ ਸਾਫ਼ ਝਲਕਦੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਗ਼ਜ਼ਲਾਂ ਪਾਠਕਾਂ ਦੇ ਦਿਲਾਂ ਨੂੰ ਛੂਹ ਲੈਂਦੀਆਂ ਹਨ।
ਇਸ ਮੌਕੇ ਆਏ ਹੋਏ ਸਾਰੇ ਮਹਿਮਾਨਾਂ ਨੇ ਵੀ ਆਪਣੀ ਹਾਜ਼ਰੀ ਲਗਵਾਉਂਦਿਆਂ ਮਾਸਟਰ ਜੰਡਾ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਪਰਮਜੀਤ ਸਿੰਘ ਥਿਆੜਾ, ਮਲਕੀਤ ਸਿੰਘ ਜੌਹਲ, ਰਣਜੀਤ ਕੁਮਾਰ ਤਲਵਾੜ, ਜਗਜੀਵਨ ਕੁਮਾਰ, ਮੋਹਨ ਲਾਲ ਕਲਸੀ, ਹਰਬੰਸ ਸਿੰਘ, ਸੰਦੀਪ ਕੁਮਾਰ ਸ਼ਰਮਾ, ਸੁਖਦੀਪ ਸਿੰਘ, ਡਾ. ਕੁਲਦੀਪ ਸਿੰਘ, ਦਵਿੰਦਰ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ ਮੂਣਕ, ਬਲਰਾਜ ਸਿੰਘ ਚੌਹਾਨ, ਸੁਖਵਿੰਦਰ ਸਿੰਘ ਸਰਪੰਚ ਭਾਗੋਵਾਲ, ਜਰਨੈਲ ਸਿੰਘ ਧੀਰ, ਇੰਸਪੈਕਟਰ ਗੁਰਦੀਪ ਸਿੰਘ ਦਾਤਾ ਅਵਤਾਰ ਸਿੰਘ, ਪੰਖੜੀ, ਵਿੱਕੀ ਜਸਵਾਲ, ਸੁਖਦੀਪ ਸਿੰਘ ਮੰਨਾ, ਸਿੰਘ ਕਲੈਕਟਰ, ਹਰਵਿੰਦਰ ਸਿੰਘ ਦਸੂਹਾ, ਡਾ. ਕੁਲਦੀਪ ਸਿੰਘ, ਸਾਬਕਾ ਪ੍ਰਿੰਸੀਪਲ ਡੀ.ਕੇ. ਸ਼ਰਮਾ ਅਤੇ ਹੰਸਰਾਜ ਰਾਹੀਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸਾਬਕਾ ਰੇਂਜ ਅਫ਼ਸਰ ਜੀਵਨ ਕੁਮਾਰ ਜਸਵਾਲ ਅਤੇ ਡਾ. ਧਰਮਪਾਲ ਸਾਹਿਲ ਨੇ ਬਾਖੂਬੀ ਨਿਭਾਈ।

