Breaking
Mon. Jul 14th, 2025

ਜਲੰਧਰ ’ਚ ਈਜ਼ੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ

ਰਜਿਸਟ੍ਰੇਸ਼ਨ

ਬਿਨੈਕਾਰਾਂ ਨੂੰ ਸਬ ਰਜਿਸਟਰਾਰ ਦਫ਼ਤਰਾਂ ’ਚ ਹੋਰ ਪਾਰਦਰਸ਼ੀ ਸੇਵਾਵਾਂ ਪ੍ਰਦਾਨ

ਬਿਨੈਕਾਰਾਂ ਨੇ ਨਿਵੇਕਲੀ ਪਹਿਲ ਤੇ ਕ੍ਰਾਂਤੀਕਾਰੀ ਤਬਦੀਲੀ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਤਹਿਤ ਪਹਿਲੇ ਦਿਨ 111 ਦਸਤਾਵੇਜ਼ ਹੋਏ ਰਜਿਸਟਰ

ਜਲੰਧਰ 2 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਬਿਨੈਕਾਰਾਂ ਨੂੰ ਬਿਨਾਂ ਦੇਰੀ ਦੇ ਤੁਰੰਤ ਤੇ ਹੋਰ ਪਾਰਦਰਸ਼ੀ ਰਜਿਸਟ੍ਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇਕ ਹੋਰ ਮਹੱਤਵਪੂਰਣ ਕਦਮ ਪੁੱਟਦਿਆਂ ਜਲੰਧਰ ਵਿਖੇ ਬੁੱਧਵਾਰ ਨੂੰ ਈਜ਼ੀ ਰਜਿਸਟਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ ’ਤੇ ਰਾਹਤ ਮਿਲੀ, ਜਿਨਾਂ ਨੂੰ ਇਸ ਤੋਂ ਪਹਿਲਾਂ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਾਂ ਨੂੰ ਉੱਚ ਪੱਧਰੀ ਜਾਇਦਾਦ ਦੀ ਰਜਿਸਟ੍ਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਲੰਧਰ ਵਿਖੇ ਈਜ਼ੀ ਰਜਿਸਟਰੇਸਨ ਦੀ ਸਫ਼ਲਤਾ ਪੂਰਵਕ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਤਹਿਤ ਬਿਨੈਕਾਰ ਆਪਣੀ ਜਾਇਦਾਦ ਦੀ ਡੀਡ ਖੁਦ ਲਿਖਕੇ ਆਨਲਾਈਨ ਜਮ੍ਹਾ ਕਰਵਾ ਸਕਣਗੇ, ਜਿਸ ਤੋਂ ਬਾਅਦ ਸਬ ਰਜਿਸਟਰਾਰ ਦਫ਼ਤਰ 48 ਘੰਟਿਆਂ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਨਜ਼ੂਰੀ ਤੋਂ ਬਾਅਦ ਬਿਨੈਕਾਰ ਸਬ ਰਜਿਸਟਰਾਰ ਦਫ਼ਤਰ ਜਾ ਕੇ ਕੁਝ ਹੀ ਮਿੰਟਾਂ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰ ਸਕਦੇ ਹਨ।

ਖੁਰਲਾ ਕਿੰਗਰਾ ਦੀ ਵਸਨੀਕ ਰਾਜ ਰਾਣੀ ਨੇ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਸ ਵੱਲੋਂ ਮੰਗਲਵਾਰ ਨੂੰ ਅਪਲਾਈ ਕੀਤਾ ਗਿਆ ਸੀ ਅਤੇ ਬੁੱਧਵਾਰ ਨੂੰ ਪੰਜਾਂ ਮਿੰਟਾਂ ਵਿੱਚ ਆਪਣੀ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਕਰ ਲਈ। ਇਸ ਪ੍ਰਣਾਲੀ ਨੂੰ ਬਹੁਤ ਹੀ ਆਸਾਨ ਦੱਸਦਿਆਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਹੀ ਪ੍ਰਕਿਰਿਆ ਮੁਕੰਮਲ ਕਰਨ ਵਿੱਚ ਕਈ ਦਿਨ ਲੱਗ ਜਾਂਦੇ ਸਨ ਅਤੇ ਕਈ-ਕਈ ਘੰਟੇ ਸਬ ਰਜਿਸਟਰਾਰਾਂ ਦੇ ਦਫ਼ਤਰਾਂ ਵਿੱਚ ਲੰਬੀ ਉਡੀਕ ਕਰਨੀ ਪੈਂਦੀ ਸੀ।

ਹੁਣ ਲੰਬੀਆਂ ਲਾਈਨਾਂ ਅਤੇ ਦੇਰੀ ਦਾ ਯੁੱਗ ਖ਼ਤਮ ਹੋ ਚੁੱਕਾ ਹੈ

ਇਸੇ ਤਰ੍ਹਾਂ ਕੋਟ ਸਦੀਕ ਵਾਸੀ ਇੰਦਰਜੀਤ ਕਲੇਰ ਨੇ ਈਜ਼ੀ ਰਜਿਸਟ੍ਰੇਸ਼ਨ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਹੁਣ ਲੰਬੀਆਂ ਲਾਈਨਾਂ ਅਤੇ ਦੇਰੀ ਦਾ ਯੁੱਗ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਏਅਰ ਕੰਡੀਸ਼ਨਡ ਉਡੀਕ ਹਾਲਾਂ, ਟੋਕਨ ਪ੍ਰਣਾਲੀ ਅਤੇ ਮੌਕੇ ’ਤੇ ਡਰਾਫਟਿੰਗ ਦੀ ਸਹੂਲਤ ਨੇ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਅਤੇ ਸੁਚਾਰੂ ਬਣਾ ਦਿੱਤਾ ਹੈ।

ਇਕ ਹੋਰ ਬਿਨੈਕਾਰ ਕੁਮਕੁਮ ਨੇ ਵੀ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਣਾਲੀ ਨਾਲ ਮਾਲ ਵਿਭਾਗ ਦੀਆਂ ਸੇਵਾਵਾਂ ਵਿੱਚ ਹੋਰ ਪਾਦਰਸ਼ਤਾ ਆਉਣ ਦੇ ਨਾਲ-ਨਾਲ ਲੋਕਾਂ ਦਾ ਕੀਮਤੀ ਸਮਾਂ ਵੀ ਬਚ ਰਿਹਾ ਹੈ।

ਸਬ ਰਜਿਸਟਰਾਰ ਜਲੰਧਰ-1 ਦਮਨਬੀਰ ਸਿੰਘ ਨੇ ਦੱਸਿਆ ਕਿ ਬਿਨੈਕਾਰ ਸਬ ਰਜਿਸਟਰਾਰ ਦਫ਼ਤਰ ਵਿਖੇ ਉਪਲਬੱਧ ਡੀਡ ਰਾਈਟਰਾਂ ਦੀਆਂ ਸੇਵਾਵਾਂ ਦਾ ਲਾਭ ਨਾ-ਮਾਤਰ ਫੀਸ ’ਤੇ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਤਹਿਤ ਬਿਨੈਕਾਰ ਡੀਡ ਆਨਲਾਈਨ ਅਪਲੋਡ ਕਰਦੇ ਹਨ, 48 ਘੰਟਿਆਂ ਵਿੱਚ ਮਨਜ਼ੂਰੀ ਹਾਸਲ ਕਰਦੇ ਹਨ ਤੇ ਈ-ਸਟੈਂਪ ਖਰੀਦਕੇ ਬਿਨ੍ਹਾਂ ਕਿਸੇ ਦੇਰੀ ਦੇ ਦਫ਼ਤਰ ਵਿਖੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰ ਸਕਦੇ ਹਨ।

ਇਹ ਨਵੀਂ ਪ੍ਰਣਾਲੀ ਪੰਜਾਬ ਸਰਕਾਰ ਦੀ ਸੂਬਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਦੇਰੀ ਅਤੇ ਪਾਰਦਰਸ਼ੀ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਸੂਬੇ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਭੋਗਲ ਨੇ ਦੱਸਿਆ ਕਿ ਪਹਿਲੇ ਦਿਨ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਤਹਿਤ 111 ਦਸਤਾਵੇਜ਼ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 72 ਦਸਤਾਵੇਜ਼ ਸਬ ਰਜਿਸਟਰਾਰ-1 ਵਿਖੇ ਅਤੇ 39 ਦਸਤਾਵੇਜ਼ ਸਬ ਰਜਿਸਟਰਾਰ-2 ਵਿਖੇ ਰਜਿਸਟਰ ਕੀਤੇ ਗਏ ਹਨ। ਉਨ੍ਹਾਂ ਨਾਗਰਿਕਾਂ ਨੂੰ ਡੀਡ ਸਹਾਇਤਾ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਜਿੱਥੇ ਉਹ ਮਾਮੂਲੀ ਫੀਸ ਦੇ ਕੇ ਮਾਹਰਾਂ ਤੋਂ ਸੇਲ ਡੀਡ ਤਿਆਰ ਕਰਵਾ ਸਕਦੇ ਹਨ।

By admin

Related Post