Breaking
Mon. Jul 14th, 2025

ਡਿਪਟੀ ਕਮਿਸ਼ਨਰ ਨੇ ਆਦਮਪੁਰ-ਮੁੰਬਈ ਹਵਾਈ ਉਡਾਣ ਸ਼ੁਰੂ ਹੋਣ ’ਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਮੁਬਾਰਕਬਾਦ

ਆਦਮਪੁਰ

ਕਿਹਾ ਹੁਣ ਪ੍ਰਸ਼ਾਸਨ ਵਲੋਂ ਨਵੀਂ ਦਿੱਲੀ ਨਾਲ ਹਵਾਈ ਸੰਪਰਕ ਜੋੜਨ ਲਈ ਕੀਤੇ ਜਾਣਗੇ ਯਤਨ

ਮੁੰਬਈ ਲਈ ਹਵਾਈ ਉਡਾਣ ਸਮੁੱਚੇ ਦੋਆਬਾ ਖੇਤਰ ਲਈ ਲਾਹੇਵੰਦ ਸਿੱਧ ਹੋਵੇਗੀ : ਡਿਪਟੀ ਕਮਿਸ਼ਨਰ

ਜਲੰਧਰ 2 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਲਈ ਘਰੇਲੂ ਉਡਾਣ ਦੀ ਸ਼ੁਰੂਆਤ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹਵਾਈ ਸੰਪਰਕ ਨੂੰ ਹੋਰ ਵਧਾਉਣ ਲਈ ਨਵੀਂ ਦਿੱਲੀ ਲਈ ਸਿੱਧੀ ਉਡਾਣ ਯਕੀਨੀ ਬਣਾਉਣ ਲਈ ਯਤਨਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਦੋਆਬੇ ਦੇ ਲੋਕਾਂ ਖਾਸ ਕਰਕੇ ਜਲੰਧਰ ਵਾਸੀਆਂ ਨੂੰ ਅੱਜ ਪਹਿਲੀ ਮੁੰਬਈ ਫਲਾਈਟ ਲਈ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਸਹੂਲਤ ਐਨ.ਆਰ.ਆਈ. ਅਤੇ ਪੰਜਾਬ ਦੇ ਇਸ ਉਦਯੋਗਿਕ ਹੱਬ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਯਾਤਰੀ ਵਾਇਆ ਮੁੰਬਈ ਐਮਸਟਰਡਮ, ਗੋਆ ਅਤੇ ਚੇਨਈ ਵਰਗੀਆਂ ਕਨੈਕਟਿੰਗ ਉਡਾਣਾਂ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਸਥਾਨਾਂ ਤੱਕ ਸੌਖੇ ਢੰਗ ਨਾਲ ਪਹੁੰਚ ਸਕਣਗੇ।

ਡਾ.ਅਗਰਵਾਲ ਨੇ ਦੱਸਿਆ ਕਿ ਆਦਮਪੁਰ ਤੋਂ ਨਵੀਂ ਦਿੱਲੀ ਤੱਕ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਈਨ ਓਪਰੇਟਰਾਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਸਮੁੱਚੇ ਦੋਆਬਾ ਖੇਤਰ ਦੀਆਂ ਯਾਤਰਾ ਸਬੰਧੀ ਲੋੜਾਂ ਪੂਰੀਆਂ ਹੋ ਸਕਣਗੀਆਂ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਇਸ ਦੇ ਸਾਰਥਕ ਨਤੀਜੇ ਆਉਣ ਦੀ ਆਸ ਪ੍ਰਗਟ ਕੀਤੀ। ਉਨ੍ਹਾਂ ਐਨ.ਆਰ.ਆਈਜ਼ ਅਤੇ ਉਦਯੋਗਿਕ ਘਰਾਣਿਆਂ ਨੂੰ ਮੁੰਬਾਈ ਫਲਾਈਟ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਆਦਮਪੁਰ ਹਵਾਈ ਅੱਡੇ ਨੂੰ ਜਾਣ ਲਈ ਸੜਕੀ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਲਈ ਯਤਨ ਕੀਤੇ ਜਾਣਗੇ।

ਜਲੰਧਰ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ.ਆਦਮਪੁਰ ਵਿਵੇਕ ਮੋਦੀ ਨੇ ਬੁੱਧਵਾਰ ਨੂੰ ਮੁੰਬਈ ਲਈ ਪਹਿਲੀ ਹਵਾਈ ਉਡਾਣ ਮੌਕੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਨਵਾਂ ਸੰਪਰਕ ਖੇਤਰ ਦੇ ਯਾਤਰੀਆਂ ਲਈ ਸੁਖਾਲੀ ਯਾਤਰਾ ਅਤੇ ਖੇਤਰ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਣ ਸਾਬਿਤ ਹੋਵੇਗਾ।

By admin

Related Post