ਸੇਰੇਬ੍ਰਲ ਪਾਲਸੀ ਦੇ ਸ਼ਿਕਾਰ ਲੋਕਾਂ ਦੀ ਭਲਾਈ ਲਈ ਸਰਕਾਰ ਦੇ ਨਾਲ ਨਾਲ ਸਮਾਜ ਵੀ ਅੱਗੇ ਆਵੇ – ਲੈਕਚਰਾਰ ਜਸਵਿੰਦਰ ਸਹੋਤਾ

ਸੇਰੇਬ੍ਰਲ ਪਾਲਸੀ

ਹੁਸ਼ਿਆਰਪੁਰ , 6 ਅਕਤੂਬਰ (ਤਰਸੇਮ ਦੀਵਾਨਾ ) – ਸੇਰੇਬ੍ਰਲ ਪਾਲਸੀ ਦੇ ਸ਼ਿਕਾਰ ਲੋਕਾਂ ਦਾ ਜੀਵਨ ਬਹੁਤ ਔਖਾ ਹੁੰਦਾ ਹੈ ਇਸ ਲਈ ਅਜਿਹੇ ਲੋਕਾਂ ਦੀ ਭਲਾਈ ਲਈ ਸਰਕਾਰ ਦੇ ਨਾਲ ਨਾਲ ਸਮਾਜ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਅੱਜ ਦੁਨੀਆਂ ਭਰ ਵਿੱਚ ਮਨਾਏ ਜਾ ਰਹੇ ਕੌਮਾਂਤਰੀ ਸੇਰੇਬ੍ਰਲ ਪਾਲਸੀ ਦਿਹਾੜੇ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ ਫਿਜ਼ੀਕਲ ਚੈਲੰਜਡ ਪਰਸਨਜ਼ ਰਾਈਟਸ ਐਕਟਵਿਸਟ ਨੇ ਕਰਦੇ ਹੋਏ ਕਿਹਾ ਕਿ ਸੇਰੇਬ੍ਰਲ ਪਾਲਸੀ ਦਿਮਾਗ ਦੇ ਉਨ੍ਹਾਂ ਹਿੱਸਿਆਂ ਦੇ ਅਸਧਾਰਨ ਵਿਕਾਸ ਜਾਂ ਨੁਕਸਾਨ ਕਾਰਨ ਹੁੰਦੀ ਹੈ ਜੋ ਹਿਲਜੁਲ, ਸੰਤੁਲਨ ਅਤੇ ਸਰੀਰ ਦੀ ਸਥਿਤੀ (ਪੋਸਚਰ) ਨੂੰ ਨਿਯੰਤਰਿਤ ਕਰਦੇ ਹਨ। ਸੇਰੇਬ੍ਰਲ ਪਾਲਸੀ ਹਿਲਜੁਲ ਜਾਂ ਗਤੀ ਨਾਲ ਸਬੰਧਤ ਵਿਗਾੜਾਂ ਦਾ ਇੱਕ ਸਮੂਹ ਹੈ ਜੋ ਬਚਪਨ ਦੀ ਸ਼ੁਰੂਆਤ ਵਿੱਚ ਪ੍ਰਗਟ ਹੁੰਦੇ ਹਨ।

ਸੇਰੇਬ੍ਰਲ ਪਾਲਸੀ ਦੇ ਲੱਛਣ ਵੱਖ-ਵੱਖ ਲੋਕਾਂ ਵਿੱਚ ਅਤੇ ਸਮੇਂ ਦੇ ਨਾਲ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਇਹਨਾਂ ਵਿੱਚ ਸਰੀਰਕ ਤਾਲਮੇਲ ਦੀ ਕਮੀ, ਮਾਸਪੇਸ਼ੀਆਂ ਦਾ ਸਖ਼ਤ ਜਾਂ ਕਮਜ਼ੋਰ ਹੋਣਾ ਅਤੇ ਕੰਬਣੀ ਸਾਰਿਆਂ ਵਿੱਚ ਨਜ਼ਰ ਆਉਂਦੇ ਹਨ। ਸੰਵੇਦਨਾ, ਨਜ਼ਰ, ਸੁਣਨ ਸ਼ਕਤੀ ਅਤੇ ਬੋਲਣ ਨਾਲ ਸਬੰਧਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਕਸਰ, ਸੇਰੇਬ੍ਰਲ ਪਾਲਸੀ ਵਾਲੇ ਬੱਚੇ ਦੂਜੇ ਬੱਚਿਆਂ ਦੇ ਮੁਕਾਬਲੇ ਦੇਰੀ ਨਾਲ ਪਾਸਾ ਪਰਤਣਾ, ਬੈਠਣਾ, ਘੁਟਣੀਆਂ ਭਾਰ ਚੱਲਣਾ ਜਾਂ ਤੁਰਨਾ ਸ਼ੁਰੂ ਕਰਦੇ ਹਨ। 2024 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ 25% ਮਾਮਲਿਆਂ ਵਿੱਚ ਵਿਰਾਸਤੀ ਜੈਨੇਟਿਕ ਕਾਰਨ ਭੂਮਿਕਾ ਨਿਭਾਉਂਦੇ ਹਨ। ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਸੇਰੇਬ੍ਰਲ ਪਾਲਸੀ ਵਧੇਰੇ ਪ੍ਰਚਲਿਤ ਹੈ।

ਸੇਰੇਬ੍ਰਲ ਪਾਲਸੀ ਦੇ ਸ਼ਿਕਾਰ ਵਿਅਕਤੀਆਂ ਦਾ ਜੀਵਨ ਆਪਣੇ ਮਾਪੇ ਜਾਂ ਪਰਿਵਾਰਿਕ ਮੈਂਬਰਾਂ ‘ਤੇ ਨਿਰਭਰ ਕਰਦਾ ਹੈ

ਉਹਨਾਂ ਦੱਸਿਆ ਕਿ ਸੇਰੇਬ੍ਰਲ ਪਾਲਸੀ ਦੇ ਕੁਝ ਕਾਰਨਾਂ ਨੂੰ ਮਾਂ ਦੇ ਟੀਕਾਕਰਨ ਅਤੇ ਬੱਚਿਆਂ ਵਿੱਚ ਸਿਰ ਦੀਆਂ ਸੱਟਾਂ ਨੂੰ ਰੋਕਣ ਦੇ ਯਤਨਾਂ ਰਾਹੀਂ ਰੋਕਿਆ ਜਾ ਸਕਦਾ ਹੈ। ਸੇਰੇਬ੍ਰਲ ਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਸਹਾਇਕ ਇਲਾਜ, ਦਵਾਈਆਂ ਅਤੇ ਸਰਜਰੀ ਵਿਅਕਤੀਆਂ ਦੀ ਮਦਦ ਕਰ ਸਕਦੇ ਹਨ। ਇਸ ਵਿੱਚ ਫਿਜ਼ੀਕਲ ਥੈਰੇਪੀ, ਆਕੂਪੇਸ਼ਨਲ ਥੈਰੇਪੀ ਅਤੇ ਸਪੀਚ ਥੈਰੇਪੀ ਸ਼ਾਮਲ ਹੋ ਸਕਦੀਆਂ ਹਨ। ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਲਈ ਹਮੇਸ਼ਾ ਸਹਾਇਤਾ ਦੀ ਲੋੜ ਹੁੰਦੀ ਹੈ। ਸੇਰੇਬ੍ਰਲ ਪਾਲਸੀ ਦੇ ਸ਼ਿਕਾਰ ਵਿਅਕਤੀਆਂ ਦਾ ਜੀਵਨ ਆਪਣੇ ਮਾਪੇ ਜਾਂ ਪਰਿਵਾਰਿਕ ਮੈਂਬਰਾਂ ‘ਤੇ ਨਿਰਭਰ ਕਰਦਾ ਹੈ।

ਮਾਪੇ ਜਿਉਂਦੇ – ਜੀ ਆਪਣੇ ਸੇਰੇਬ੍ਰਲ ਪਾਲਸੀ ਦੇ ਸ਼ਿਕਾਰ ਬੱਚਿਆਂ ਨੂੰ ਸਾਂਭਦੇ ਹਨ, ਪ੍ਰੰਤੂ ਉਨ੍ਹਾਂ ਮੌਤ ਤੋਂ ਬਾਅਦ ਅਜਿਹੇ ਵਿਅਕਤੀਆਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਇਸ ਲਈ ਸਰਕਾਰ ਨੂੰ ਅਜਿਹੇ ਵਿਅਕਤੀਆਂ ਲਈ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਮਾਪਿਆਂ ਦੀ ਮੌਤ ਤੋਂ ਬਾਅਦ ਵੀ ਅਜਿਹੇ ਵਿਅਕਤੀ ਆਪਣਾ ਜੀਵਨ ਸਨਮਾਨ ਨਾਲ ਜਿਓ ਸਕਣ। ਜੇਕਰ ਅਜਿਹੇ ਵਿਅਕਤੀਆਂ ਨੂੰ ਸਮਾਨਤਾ ਦੇ ਮੌਕੇ ਤਾਂ ਇਹ ਜੀਵਨ ਵਿੱਚ ਸਥਾਪਿਤ ਹੋ ਸਕਦੇ ਹਨ। ਇਸ ਦੀ ਜਿਉਂਦੀ ਜਾਗਦੀ ਉਦਾਹਰਣ ਜਲੰਧਰ ਦੇ ਡਾ. ਵਿਵੇਕ ਜੋਸ਼ੀ ਹਨ, ਜੋ ਇੱਕ ਵਕੀਲ ਹਨ ਅਤੇ ਚੁਣੌਤੀ ਗ੍ਰਸਤ ਲੋਕਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸੇਰੇਬ੍ਰਲ ਪਾਲਸੀ ਦੇ ਸ਼ਿਕਾਰ ਲੋਕਾਂ ਦੀ ਭਲਾਈ ਲਈ ਸਰਕਾਰ ਦੇ ਨਾਲ-ਨਾਲ ਸਮਾਜ ਨੂੰ ਵੀ ਅੱਗੇ ਆ ਕੇ ਬਾਂਹ ਫੜਨੀ ਚਾਹੀਦੀ ਹੈ।

By admin

Related Post