ਸਤਿਗੁਰੂ ਸੁਆਮੀ ਚਰਨ ਦਾਸ ਜੀ ਮਹਾਰਾਜ ਦਾ 18ਵਾਂ ਬਰਸੀ ਸਮਾਗਮ 8 ਤੇ 9 ਅਕਤੂਬਰ ਨੂੰ

ਸਤਿਗੁਰੂ ਸੁਆਮੀ ਚਰਨ ਦਾਸ ਜੀ

ਹੁਸ਼ਿਆਰਪੁਰ, 6 ਅਕਤੂਬਰ (ਤਰਸੇਮ ਦੀਵਾਨਾ) — ਡੇਰਾ ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ, ਸੰਤਪੁਰੀ, ਮਹਿਦੁਦ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਸਤਿਗੁਰੂ ਸੁਆਮੀ ਚਰਨ ਦਾਸ ਜੀ ਮਹਾਰਾਜ ਦਾ 18ਵਾਂ ਬਰਸੀ ਸਮਾਗਮ 8 ਅਤੇ 9 ਅਕਤੂਬਰ ਨੂੰ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਡੇਰਾ ਪ੍ਰਬੰਧਕਾਂ ਅਤੇ ਸਾਧ ਸੰਗਤ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਲਾਕੇ ਦੀਆਂ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਸਤਿਨਾਮ ਦਾਸ ਨੇ ਦੱਸਿਆ ਕਿ ਬਰਸੀ ਸਮਾਗਮ ਦੀ ਸ਼ੁਰੂਆਤ 8 ਅਕਤੂਬਰ ਨੂੰ ਰਾਤ 8 ਵਜੇ ਰੈਣ ਸਬਾਈ ਕੀਰਤਨ ਨਾਲ ਹੋਵੇਗੀ। ਇਸ ਮੌਕੇ ਸੰਤ ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ ਦੇ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸ਼ਾਮਲ ਹੋਣਗੀਆਂ ।

ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਮਹਾਪੁਰਸ਼ ਗੁਰਬਾਣੀ, ਧਾਰਮਿਕ ਵਿਚਾਰਾਂ ਅਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਅਧਿਆਤਮਿਕ ਜੀਵਨ, ਗੁਰੂ ਦੀਆਂ ਸਿੱਖਿਆਵਾਂ ਅਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦੇਣਗੇ।

ਸੰਤ ਸਤਿਨਾਮ ਦਾਸ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖ ਨੂੰ ਗੁਰੂ ਦੀਆਂ ਸਿੱਖਿਆਵਾਂ ਨਾਲ ਜੋੜਨ ਦੇ ਨਾਲ-ਨਾਲ ਸੇਵਾ, ਸਿਮਰਨ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

ਸਮਾਗਮ ਦੀ ਸਮਾਪਤੀ ਮੌਕੇ 9 ਅਕਤੂਬਰ ਨੂੰ ਦੁਪਹਿਰ 2 ਵਜੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਜਾਵੇਗਾ। ਸੰਤ ਸਤਿਨਾਮ ਦਾਸ ਜੀ ਅਤੇ ਸਮੂਹ ਸਾਧ ਸੰਗਤ ਵੱਲੋਂ ਇਲਾਕੇ ਦੀ ਸਮੁੱਚੀ ਸੰਗਤ ਨੂੰ ਬਰਸੀ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ।

By admin

Related Post