ਕਰਮਾਂ ਦਾ ਹਿਸਾਬ ਬਿਲਕੁੱਲ ਅਟੱਲ ਹੈ , ਅਸੀਂ ਇੱਥੇ ਜੋ ਬੀਜਾਂਗੇ ਉਹੀ ਵੱਢਾਂਗੇ
ਹੁਸ਼ਿਆਰਪੁਰ, 14 ਸਤੰਬਰ (ਤਰਸੇਮ ਦੀਵਾਨਾ) – ਇੰਡੀਅਨ ਓਵਰਸੀਜ਼ ਕਾਂਗਰਸ (ਯੂਰਪ) ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਉੱਘੀ ਸਮਾਜ ਸੇਵਕਾ ਡਾ. ਸੋਨੀਆ ਨੇ ਕਿਹਾ ਕਿ ਕੁਦਰਤ ਦਾ ਨਿਯਮ ਬੜਾ ਸਪੱਸ਼ਟ ਅਤੇ ਅਟੱਲ ਹੈ। ਮਨੁੱਖ ਆਪਣੇ ਜੀਵਨ ਵਿੱਚ ਜਿਹੋ ਜਿਹੇ ਕਰਮ ਕਰਦਾ ਹੈ, ਸਮਾਂ ਆਉਣ ’ਤੇ ਉਸਨੂੰ ਉਸੇ ਤਰ੍ਹਾਂ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਦਰਤ ਦੇ ਇਸ ਹਿਸਾਬ ਵਿੱਚ ਨਾ ਕਿਸੇ ਦੀ ਸਿਫ਼ਾਰਸ਼ ਚੱਲਦੀ ਹੈ ਅਤੇ ਨਾ ਹੀ ਧਨ-ਦੌਲਤ, ਅਹੁਦੇ ਜਾਂ ਦਿਖਾਵੇ ਦੀ ਕੋਈ ਖ਼ਾਸ ਅਹਿਮੀਅਤ ਰਹਿ ਨਹੀਂ ਜਾਂਦੀ । ਇਨਸਾਨ ਦੇ ਬੋਲ, ਵਿਹਾਰ, ਫ਼ੈਸਲੇ ਅਤੇ ਕਰਮ ਹੀ ਉਸਦੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਦੀ ਜ਼ਿੰਦਗੀ ਇੱਕ ਖੇਤ ਵਾਂਗ ਹੈ, ਜਿਸ ਵਿੱਚ ਹਰ ਰੋਜ਼ ਉਸਦੇ ਕਰਮਾਂ ਦੇ ਬੀਜ ਬੀਜੇ ਜਾਂਦੇ ਹਨ। ਜੇਕਰ ਬੀਜ ਚੰਗੇ ਹੋਣ ਤਾਂ ਫ਼ਸਲ ਵੀ ਚੰਗੀ ਹੀ ਤਿਆਰ ਹੁੰਦੀ ਹੈ, ਜਦਕਿ ਮਾੜੇ ਕਰਮਾਂ ਦੇ ਬੀਜਾਂ ਤੋਂ ਸੁਖਦ ਨਤੀਜਿਆਂ ਦੀ ਉਮੀਦ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਕਿੱਕਰ ਦੇ ਬੀਜ ਬੀਜਕੇ ਅਮਰੂਦਾਂ ਦੀ ਆਸ ਨਹੀਂ ਕੀਤੀ ਜਾ ਸਕਦੀ।
ਡਾ. ਸੋਨੀਆ ਨੇ ਕਿਹਾ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਕਈ ਮੁਸ਼ਕਲਾਂ, ਦੁੱਖਾਂ ਅਤੇ ਸੰਤਾਪਾਂ ਲਈ ਮਨੁੱਖ ਅਕਸਰ ਹਾਲਾਤ, ਕਿਸਮਤ ਜਾਂ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਪਰ ਅਸਲ ਸਿਆਣਪ ਇਸ ਗੱਲ ਵਿੱਚ ਹੈ ਕਿ ਇਨਸਾਨ ਇੱਕ ਵਾਰ ਆਪਣੇ ਅੰਦਰ ਝਾਤ ਮਾਰੇ ਅਤੇ ਆਪਣੇ ਪਿਛਲੇ ਕਰਮਾਂ ਦੀ ਨਿਰਪੱਖ ਪੜਚੋਲ ਕਰੇ। ਦੁਨੀਆ ਨਾਲ ਤਰਕ ਕਰਨਾ ਜਾਂ ਦੂਜਿਆਂ ਦੀਆਂ ਗ਼ਲਤੀਆਂ ਕੱਢਣਾ ਆਸਾਨ ਹੈ, ਪਰ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਵਿੱਚ ਸੁਧਾਰ ਲਿਆਉਣਾ ਸਭ ਤੋਂ ਵੱਡੀ ਹਿੰਮਤ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਕਰਮਾਂ ਦਾ ਹਿਸਾਬ ਸਿਰਫ਼ ਸਜ਼ਾ ਜਾਂ ਦੁੱਖ ਭੋਗਣ ਦਾ ਨਹੀਂ, ਸਗੋਂ ਇਹ ਮਨੁੱਖ ਨੂੰ ਆਪਣੀ ਜ਼ਿੰਦਗੀ ਸੁਧਾਰਨ ਅਤੇ ਨਵੀਂ ਦਿਸ਼ਾ ਅਪਣਾਉਣ ਦਾ ਮੌਕਾ ਵੀ ਦਿੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਅੱਜ ਆਪਣੀ ਕਿਸੇ ਗ਼ਲਤੀ ਦਾ ਅਹਿਸਾਸ ਹੋ ਜਾਵੇ ਤਾਂ ਇਸਦਾ ਅਰਥ ਇਹ ਨਹੀਂ ਕਿ ਉਸਦੀ ਜ਼ਿੰਦਗੀ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਮਨੁੱਖ ਕਿਸੇ ਵੀ ਮੋੜ ਤੋਂ ਨਵੀਂ ਸ਼ੁਰੂਆਤ ਕਰ ਸਕਦਾ ਹੈ ਅਤੇ ਆਪਣੇ ਕਰਮਾਂ ਦੀ ਦਿਸ਼ਾ ਬਦਲ ਸਕਦਾ ਹੈ।
ਅੱਜ ਤੋਂ ਹੀ ਚੰਗੇ ਕਰਮਾਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ
ਡਾ. ਸੋਨੀਆ ਨੇ ਕਿਹਾ ਕਿ ਅੱਜ ਤੋਂ ਹੀ ਚੰਗੇ ਕਰਮਾਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਕਿਸੇ ਨਾਲ ਧੋਖਾ ਨਾ ਕਰਨਾ, ਲੋੜਵੰਦ ਦੀ ਮਦਦ ਕਰਨਾ, ਬਜ਼ੁਰਗਾਂ ਦਾ ਸਤਿਕਾਰ ਕਰਨਾ, ਦੁਖੀ ਵਿਅਕਤੀ ਦੀ ਬਿਨਾਂ ਕਿਸੇ ਸੁਆਰਥ ਤੋਂ ਗੱਲ ਸੁਣਨਾ ਅਤੇ ਕਿਸੇ ਦੀ ਗ਼ੈਰਹਾਜ਼ਰੀ ਵਿੱਚ ਉਸਦੀ ਇੱਜ਼ਤ ਦੀ ਰਾਖੀ ਕਰਨਾ ਵੀ ਉੱਚ ਕੋਟੀ ਦੀ ਨੇਕੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦਾ ਅਰਥ ਸਿਰਫ਼ ਵੱਡੀਆਂ ਮਾਇਕ ਭੇਟਾਂ ਦੇਣਾ ਜਾਂ ਆਪਣੀ ਨੇਕੀ ਦਾ ਪ੍ਰਚਾਰ ਕਰਨਾ ਨਹੀਂ, ਬਲਕਿ ਲੋੜ ਦੀ ਘੜੀ ਵਿੱਚ ਕਿਸੇ ਦੇ ਕੰਮ ਆਉਣਾ ਹੀ ਅਸਲ ਮਨੁੱਖਤਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿੰਦਗੀ ਵਿੱਚ ਅਸਲ ਤਬਦੀਲੀ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਦੂਜਿਆਂ ’ਤੇ ਦੋਸ਼ ਲਗਾਉਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਖ਼ੁਦ ਸਵੀਕਾਰ ਕਰਦਾ ਹੈ। ਜੇਕਰ ਹਰ ਵਿਅਕਤੀ ਆਪਣੇ ਬੋਲਾਂ ਵਿੱਚ ਮਿਠਾਸ, ਵਿਹਾਰ ਵਿੱਚ ਨਿਮਰਤਾ ਅਤੇ ਕਰਮਾਂ ਵਿੱਚ ਇਮਾਨਦਾਰੀ ਲਿਆਵੇ ਤਾਂ ਸਮਾਜ ਵਿੱਚੋਂ ਕਈ ਬੁਰਾਈਆਂ ਆਪਣੇ ਆਪ ਘਟ ਸਕਦੀਆਂ ਹਨ।
ਅਖ਼ੀਰ ਵਿੱਚ ਡਾ. ਸੋਨੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਦੇ ਕਰਮਾਂ ਦੇ ਖੇਤ ਵਿੱਚ ਸੱਚ, ਪਿਆਰ, ਦਇਆ, ਸੇਵਾ ਅਤੇ ਇਮਾਨਦਾਰੀ ਦੇ ਬੀਜ ਬੀਜਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਆਪਣੇ ਕਰਮਾਂ ਨੂੰ ਸੁਧਾਰਨ ਦਾ ਸੰਕਲਪ ਲੈ ਲਈਏ ਤਾਂ ਆਉਣ ਵਾਲੇ ਸਮੇਂ ਵਿੱਚ ਜ਼ਿੰਦਗੀ ਦੀ ਫ਼ਸਲ ਕੱਟਦਿਆਂ ਸਾਡੇ ਹਿੱਸੇ ਸ਼ਿਕਾਇਤਾਂ ਦੀ ਬਜਾਏ ਸੰਤੁਸ਼ਟੀ, ਸਤਿਕਾਰ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਵੱਧ ਆਵੇਗਾ।

