ਵਿਸ਼ਵ ਆਬਾਦੀ ਦਿਵਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ
ਹੁਸ਼ਿਆਰਪੁਰ, 13 ਜੁਲਾਈ ( ਤਰਸੇਮ ਦੀਵਾਨਾ ) – ਵਿਸ਼ਵ ਆਬਾਦੀ ਦਿਵਸ ਮੌਕੇ 11 ਤੋਂ 18 ਜੁਲਾਈ ਤੱਕ ਮਨਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਹਫ਼ਤੇ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਜੱਚਾ-ਬੱਚਾ ਵਾਰਡ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਸਾਲ ਵਿਸ਼ਵ ਆਬਾਦੀ ਦਿਵਸ ਦਾ ਥੀਮ “ਜਦੋਂ ਬੱਚਿਆਂ ਵਿੱਚ ਹੋਵੇ ਢੁੱਕਵਾਂ ਅੰਤਰਾਲ, ਪਰਿਵਾਰ ਹੋਵੇ ਤੰਦਰੁਸਤ ਅਤੇ ਖੁਸ਼ਹਾਲ” ਰਿਹਾ। ਸੈਮੀਨਾਰ ਦਾ ਉਦੇਸ਼ ਆਮ ਲੋਕਾਂ ਨੂੰ ਪਰਿਵਾਰ ਨਿਯੋਜਨ, ਜਨਮਾਂ ਵਿੱਚ ਉਚਿਤ ਅੰਤਰਾਲ, ਮਾਤਾ ਅਤੇ ਬੱਚੇ ਦੀ ਸਿਹਤ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲਬਧ ਮੁਫ਼ਤ ਪਰਿਵਾਰ ਭਲਾਈ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ।
ਸਮਾਗਮ ਦੇ ਮੁੱਖ ਮਹਿਮਾਨ ਸਿਵਲ ਸਰਜਨ ਡਾ. ਮਨਦੀਪ ਕਮਲ ਸਨ, ਜਦਕਿ ਵਿਸ਼ੇਸ਼ ਮਹਿਮਾਨ ਡਾ. ਰਣਜੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਯੋਜਨ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ. ਨਵਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ ਵੱਲੋਂ ਕੀਤਾ ਗਿਆ।
ਵੱਧ ਰਹੀ ਆਬਾਦੀ ਦੇ ਨਾਲ-ਨਾਲ ਸਿਹਤ ਸੇਵਾਵਾਂ, ਸਿੱਖਿਆ, ਰੋਜ਼ਗਾਰ ਅਤੇ ਕੁਦਰਤੀ ਸਰੋਤਾਂ ‘ਤੇ ਵੀ ਦਬਾਅ ਵੱਧਦਾ ਹੈ
ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਵੱਧ ਰਹੀ ਆਬਾਦੀ ਦੇ ਨਾਲ-ਨਾਲ ਸਿਹਤ ਸੇਵਾਵਾਂ, ਸਿੱਖਿਆ, ਰੋਜ਼ਗਾਰ ਅਤੇ ਕੁਦਰਤੀ ਸਰੋਤਾਂ ‘ਤੇ ਵੀ ਦਬਾਅ ਵੱਧਦਾ ਹੈ। ਇਸ ਲਈ ਹਰ ਜੋੜੇ ਨੂੰ ਜ਼ਿੰਮੇਵਾਰ ਮਾਤਾ-ਪਿਤਾ ਬਣਦਿਆਂ ਪਰਿਵਾਰ ਨਿਯੋਜਨ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋ ਬੱਚਿਆਂ ਵਿਚਕਾਰ ਘੱਟੋ-ਘੱਟ ਤਿੰਨ ਸਾਲ ਦਾ ਅੰਤਰ ਰੱਖਣ ਨਾਲ ਮਾਂ ਦੀ ਸਿਹਤ ਬਿਹਤਰ ਰਹਿੰਦੀ ਹੈ, ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ ਅਤੇ ਪਰਿਵਾਰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਵੀ ਮਜ਼ਬੂਤ ਬਣਦਾ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਹਰ ਯੋਗ ਜੋੜੇ ਤੱਕ ਪਹੁੰਚਾਉਣ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਿਰਫ਼ ਆਬਾਦੀ ਨਿਯੰਤਰਣ ਦਾ ਵਿਸ਼ਾ ਨਹੀਂ, ਸਗੋਂ ਮਾਤਾ ਅਤੇ ਬੱਚੇ ਦੀ ਸਿਹਤ, ਪਰਿਵਾਰ ਦੀ ਖੁਸ਼ਹਾਲੀ ਅਤੇ ਸਮਾਜ ਦੇ ਟਿਕਾਊ ਵਿਕਾਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਯੋਗ ਜੋੜਿਆਂ ਨੂੰ ਜਨਮ ਵਿੱਚ ਅੰਤਰਾਲ ਰੱਖਣ ਵਾਲੇ ਸਾਧਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜਨਮਾਂ ਵਿੱਚ ਉਚਿਤ ਅੰਤਰਾਲ ਰੱਖਣ ਨਾਲ ਅਕਾਲ ਜਨਮ, ਘੱਟ ਵਜ਼ਨ ਵਾਲੇ ਬੱਚਿਆਂ ਦਾ ਜਨਮ, ਮਾਤਾ ਵਿੱਚ ਖੂਨ ਦੀ ਕਮੀ ਅਤੇ ਹੋਰ ਜਟਿਲਤਾਵਾਂ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਸਰਕਾਰ ਵੱਲੋਂ ਮੁਫ਼ਤ ਉਪਲਬਧ ਪਰਿਵਾਰ ਨਿਯੋਜਨ ਸਾਧਨਾਂ ਜਿਵੇਂ ਅੰਤਰਾ ਇੰਜੈਕਸ਼ਨ, ਛਾਇਆ ਗੋਲੀਆਂ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ., ਨਿਰੋਧ (ਕੰਡੋਮ), ਮਾਲਾ-ਐਨ ਗੋਲੀਆਂ ਅਤੇ ਹੋਰ ਪਰਿਵਾਰ ਭਲਾਈ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਪਰਵਾਜ਼ ਨੇ ਪਰਿਵਾਰ ਨਿਯੋਜਨ ਦੇ ਅਸਥਾਈ ਅਤੇ ਸਥਾਈ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ
ਉਨ੍ਹਾਂ ਕਿਹਾ ਕਿ ਯੋਗ ਜੋੜੇ ਆਪਣੀ ਸਿਹਤ ਅਤੇ ਲੋੜ ਅਨੁਸਾਰ ਸੁਰੱਖਿਅਤ ਅਤੇ ਵਿਗਿਆਨਕ ਪਰਿਵਾਰ ਨਿਯੋਜਨ ਸਾਧਨਾਂ ਦੀ ਚੋਣ ਕਰਨ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲਬਧ ਮੁਫ਼ਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਮਹਿਲਾ ਰੋਗਾਂ ਦੇ ਮਾਹਿਰ ਡਾ. ਪਰਵਾਜ਼ ਨੇ ਪਰਿਵਾਰ ਨਿਯੋਜਨ ਦੇ ਅਸਥਾਈ ਅਤੇ ਸਥਾਈ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਆਹ ਤੋਂ ਤੁਰੰਤ ਬਾਅਦ ਜਾਂ ਦੋ ਬੱਚਿਆਂ ਦੇ ਵਿਚਕਾਰ ਉਚਿਤ ਅੰਤਰਾਲ ਰੱਖਣ ਲਈ ਅਸਥਾਈ ਸਾਧਨ ਸਭ ਤੋਂ ਵਧੀਆ ਵਿਕਲਪ ਹਨ, ਜਦਕਿ ਪਰਿਵਾਰ ਪੂਰਾ ਹੋਣ ਉਪਰੰਤ ਸਥਾਈ ਸਾਧਨਾਂ ਨੂੰ ਅਪਣਾਇਆ ਜਾ ਸਕਦਾ ਹੈ।
ਉਨ੍ਹਾਂ ਹਾਜ਼ਰ ਜੋੜਿਆਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਸਾਧਨ ਦੀ ਵਰਤੋਂ ਕਰਨ ਤੋਂ ਪਹਿਲਾਂ ਸਿਹਤ ਮਾਹਿਰ ਦੀ ਸਲਾਹ ਜ਼ਰੂਰ ਲਈ ਜਾਵੇ। ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਹੁਸ਼ਿਆਰਪੁਰ ਨੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਯੋਗ ਜੋੜਿਆਂ ਨੂੰ ਮੁਫ਼ਤ ਸਲਾਹ, ਦਵਾਈਆਂ ਅਤੇ ਪਰਿਵਾਰ ਨਿਯੋਜਨ ਸਾਧਨ ਉਪਲਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਅਤੇ ਭਰਮਾਂ ਤੋਂ ਦੂਰ ਰਹਿ ਕੇ ਵਿਗਿਆਨਕ ਅਤੇ ਸੁਰੱਖਿਅਤ ਪਰਿਵਾਰ ਨਿਯੋਜਨ ਸਾਧਨਾਂ ਨੂੰ ਅਪਣਾਉਣ।
ਸੈਮੀਨਾਰ ਦੌਰਾਨ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਆਬਾਦੀ ਦਿਵਸ ਦੇ ਵਿਸ਼ੇ ‘ਤੇ ਪ੍ਰਭਾਵਸ਼ਾਲੀ ਚਾਰਟ ਅਤੇ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ। ਵਧੀਆ ਚਾਰਟ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਾਇਨੀ ਡਾ. ਮਨਦੀਪ ਕੌਰ ਅਤੇ ਡਾ. ਮੰਜਰੀ ਅਰੋੜਾ, ਬੱਚਿਆਂ ਦੇ ਮਾਹਰ ਡਾ. ਹਰਨੂਰਜੀਤ ਕੌਰ ਅਤੇ ਡਾ. ਸੁਪ੍ਰੀਤ ਕੌਰ, ਜ਼ਿਲਾ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਬੀ.ਈ.ਈ. ਰੋਹਿਤ ਸ਼ਰਮਾ, ਆਈ.ਸੀ.ਐਨ. ਹਰਪ੍ਰੀਤ ਕੌਰ, ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਪੈਰਾਮੈਡੀਕਲ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਸਨ।

