ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਕਰ ਰਹੀ ਹੈ ਨੌਜਵਾਨਾਂ ਨਾਲ ਧੱਕੇਸ਼ਾਹੀ
ਹੁਸ਼ਿਆਰਪੁਰ 2 ਜੂਨ (ਤਰਸੇਮ ਦੀਵਾਨਾ ) – ਮਜੀਠਾ ਥਾਣੇ ਦੇ ਐਸ.ਐਚ.ਓ. ਦੇ ਕਮਰੇ ਵਿੱਚੋਂ ਜੋਬਨਪ੍ਰੀਤ ਸਿੰਘ ਨੂੰ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਛਡਵਾਉਣ ਦੇ ਮਾਮਲੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜ਼ੋਰਦਾਰ ਹਮਾਇਤ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਜਨਰਲ ਬਰਿੰਦਰ ਸਿੰਘ ਪਰਮਾਰ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਅਤੇ ਨੀਅਤ ‘ਤੇ ਬੇਹੱਦ ਗੰਭੀਰ ਅਤੇ ਸਨਸਨੀਖੇਜ਼ ਸਵਾਲ ਖੜ੍ਹੇ ਕੀਤੇ ਹਨ। ਪਰਮਾਰ ਨੇ ਸਿੱਧਾ ਸਵਾਲ ਕਰਦਿਆਂ ਆਖਿਆ ਕਿ ਜੇਕਰ ਜੋਬਨਪ੍ਰੀਤ ਸਿੰਘ ‘ਤੇ ਕੋਈ ਐਫ.ਆਈ.ਆਰ. (FIR) ਦਰਜ ਸੀ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਫਿਰ ਕਾਨੂੰਨੀ ਪ੍ਰਕਿਰਿਆ ਤਹਿਤ ਉਸ ਨੂੰ ਹਵਾਲਾਤ ਵਿੱਚ ਰੱਖਣ ਦੀ ਬਜਾਏ ਐਸ.ਐਚ.ਓ. ਨੇ ਆਪਣੇ ਨਿੱਜੀ ਕਮਰੇ ਵਿੱਚ ਲੁਕੋ ਕੇ ਕਿਉਂ ਰੱਖਿਆ ਹੋਇਆ ਸੀ?
ਥਾਣੇ ਅੰਦਰਲੀ ਇਹ ਸ਼ੱਕੀ ਸਥਿਤੀ ਸਾਫ਼ ਜ਼ਾਹਰ ਕਰਦੀ ਹੈ ਕਿ ਪੁਲਿਸ ਦੇ ਇਰਾਦੇ ਨੇਕ ਨਹੀਂ ਸਨ
ਉਨ੍ਹਾਂ ਆਖਿਆ ਕਿ ਥਾਣੇ ਅੰਦਰਲੀ ਇਹ ਸ਼ੱਕੀ ਸਥਿਤੀ ਸਾਫ਼ ਜ਼ਾਹਰ ਕਰਦੀ ਹੈ ਕਿ ਪੁਲਿਸ ਦੇ ਇਰਾਦੇ ਨੇਕ ਨਹੀਂ ਸਨ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਆਖਿਆ ਕਿ ਜੇਕਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਸਮੇਤ ਮੌਕੇ ‘ਤੇ ਪਹੁੰਚ ਕੇ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਦੇ ਚੁੰਗਲ ਵਿੱਚੋਂ ਨਾ ਛਡਵਾਉਂਦੇ, ਤਾਂ ਪੰਜਾਬ ਪੁਲਿਸ ਸਰਕਾਰ ਦੇ ਇਸ਼ਾਰੇ ‘ਤੇ ਜੋਬਨਪ੍ਰੀਤ ਸਿੰਘ ਨਾਲ ਕੁਝ ਵੀ ਕਰ ਸਕਦੀ ਸੀ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੋਬਨਪ੍ਰੀਤ ਸਿੰਘ ਨੂੰ ਛੁਡਵਾ ਕੇ ਕੋਈ ਗੁਨਾਹ ਨਹੀਂ ਕੀਤਾ , ਬਲਕਿ ਇੱਕ ਨੌਜਵਾਨ ਨੂੰ ਨਜਾਇਜ਼ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ।
ਪਰਮਾਰ ਨੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਅੱਜ ਦੀ ਪੁਲਿਸ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ ਅਤੇ ਸੂਬੇ ਦੇ ਨੌਜਵਾਨਾਂ ਦੇ ਨਾਲ ਬਹੁਤ ਗਲਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਨੌਜਵਾਨ ਵਰਗ ਅੰਦਰ ਭਾਰੀ ਸਹਿਮ ਅਤੇ ਰੋਸ ਦਾ ਮਾਹੌਲ ਹੈ।
ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਚਟਾਨ ਵਾਂਗ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਿੱਠ ‘ਤੇ ਖੜ੍ਹਾ ਹੈ। ਪਾਰਟੀ ਪੰਜਾਬ ਦੇ ਨੌਜਵਾਨਾਂ ਨਾਲ ਕਿਸੇ ਵੀ ਕੀਮਤ ‘ਤੇ ਨਜਾਇਜ਼ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਅਤੇ ਸਰਕਾਰ ਦੀਆਂ ਅਜਿਹੀਆਂ ਦਮਨਕਾਰੀ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

