Breaking
Sat. Apr 26th, 2025

ਅੱਜ ਦੀ ਪੀੜ੍ਹੀ ਪੰਜਾਬੀ ਲੋਕ-ਧਾਰਾ, ਰਵਾਇਤਾਂ, ਅਤੇ ਪੰਜਾਬੀ ਭਾਸ਼ਾ ਤੋ ਵੀ ਦੂਰ ਹੋ ਰਹੀ ਹੈ : ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ

ਪੰਜਾਬੀ ਲੋਕ-ਧਾਰਾ

ਹੁਸ਼ਿਆਰਪੁਰ 25 ਮਾਰਚ ( ਤਰਸੇਮ ਦੀਵਾਨਾ ) ਪੰਜਾਬੀ ਵਿਰਸਾ ਸਾਡੀ ਪਹਿਚਾਣ, ਇਤਿਹਾਸ, ਤੇ ਮੂਲ ਸੰਸਕਾਰਾਂ ਦੀ ਸ਼ਾਨ ਹੈ। ਇਹ ਸਾਡੇ ਵੱਡੇ-ਵਡੇਰਿਆਂ ਦੀ ਮਿਹਨਤ, ਭਾਸ਼ਾ, ਲੋਕ-ਧਾਰਾ, ਅਤੇ ਰਿਵਾਜਾਂ ਨਾਲ ਜੁੜਿਆ ਹੋਇਆ ਹੈ। ਪਰ ਆਧੁਨਿਕਤਾ, ਪੱਛਮੀ ਸੰਸਕ੍ਰਿਤੀ ਦੇ ਵੱਧਦੇ ਪ੍ਰਭਾਵ, ਅਤੇ ਨੌਜਵਾਨ ਪੀੜ੍ਹੀ ਦੀ ਬੇਰੁਖ਼ੀ ਕਾਰਨ · ਪੰਜਾਬੀ ਵਿਰਸਾ ਹੋਲੀ ਹੋਲੀ ਖਤਮ ਹੋ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਦੇ ਵਾਰਡ ਨੰਬਰ 46 ਤੋਂ ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ,ਜੋ ਇੱਕ ਸਮੇਂ ਸਾਡੇ ਘਰਾਂ, ਗਲੀਆਂ, ਤੇ ਵਿਦਿਆਲਿਆਂ ਦੀ ਮੁੱਖ ਭਾਸ਼ਾ ਸੀ, ਹੁਣ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਅੱਗੇ ਹਾਸ਼ੀਏ ‘ਤੇ ਪਈ ਹੋਈ ਹੈ। ਅੱਜ ਦੇ ਬੱਚੇ ਠੀਕ ਤਰੀਕੇ ਨਾਲ ਪੜ੍ਹਨ-ਲਿਖਣ ਜਾਂ ਬੋਲਣ ਵਿੱਚ ਦਿੱਲਚਸਪੀ ਨਹੀਂ ਲੈ ਰਹੇ, ਜਿਸ ਨਾਲ ਭਵਿੱਖ ਵਿੱਚ ਇਹ ਭਾਸ਼ਾ ਬਹੁਤ ਗੰਭੀਰ ਸੰਕਟ ਵਿੱਚ ਆ ਸਕਦੀ ਹੈ।ਉਹਨਾਂ ਕਿਹਾ ਕਿ ਸਿਰਫ਼ ਭਾਸ਼ਾ ਹੀ ਨਹੀਂ, ਪੰਜਾਬੀ ਲੋਕ-ਧਾਰਾ, ਰਵਾਇਤਾਂ, ਅਤੇ ਬਹੁਤ ਸਾਰੇ ਬੱਚੇ ਪੰਜਾਬੀ ਭਾਸ਼ਾ ਤੋ ਵੀ ਦੂਰ ਹੋ ਰਹੇ ਹਨ !

ਉਹਨਾਂ ਕਿਹਾ ਕਿ ਪਹਿਲਾ ਗਿੱਧਾ, ਭੰਗੜਾ, ਜੁਗਨੀ, ਤੇ ਲੋਕ-ਗੀਤ ਹਰ ਖੁਸ਼ੀ ਦੇ ਮੌਕੇ ਤੇ ਗਾਏ ਜਾਂਦੇ ਸਨ,ਪਰ ਹੁਣ ਇਨ੍ਹਾਂ ਦੀ ਥਾਂ ਪੱਛਮੀ ਸੰਸਕ੍ਰਿਤੀ ਅਤੇ ਆਧੁਨਿਕ ਡੀ.ਜੇ.ਮਿਊਜ਼ਿਕ ਨੇ ਲੈ ਲਈ ਹੈ। ਉਹਨਾਂ ਕਿਹਾ ਕਿ ਪੰਜਾਬੀ ਵਿਆਹਾਂ ਵਿੱਚ ਪਹਿਲਾਂ ਪੁਰਾਣੀਆਂ ਰਵਾਇਤਾਂ, ਜਿਵੇਂ ਕਿ ਵਾਰਾਂ, ਸੂਹਾ-ਸੁਹਾਗ, ਵਗੈਰਾ ਆਮ ਸਨ, ਪਰ ਹੁਣ ਇਹ ਰਿਵਾਇਤਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ । ਨੌਜਵਾਨ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਦੀਆਂ ਕਦਰਾਂ-ਕੀਮਤਾਂ ਅਤੇ ਲੋਕ-ਰਿਵਾਜਾਂ ਨੂੰ ਪਿੱਛੜਿਆ ਸਮਝਣ ਲੱਗ ਪਈ ਹੈ, ਜਿਸ ਕਾਰਨ ਇਹ ਵਿਰਸਾ ਹੌਲੀ-ਹੌਲੀ ਅਲੋਪ ਹੋ ਰਿਹਾ ਹੈ ।

ਉਹਨਾਂ ਕਿਹਾ ਕਿ ਪੰਜਾਬੀ ਪਹਿਰਾਵਾ ਵੀ ਵੱਡੇ ਬਦਲਾਅ ਹੇਠ ਆ ਚੁੱਕਾ ਹੈ ਕਿਉਂਕਿ ਪਹਿਲਾਂ ਸਾਫ਼ਾ,ਪਟਕਾ,ਕੁੜਤਾ-ਪਜਾਮਾ, ਤੇ ਸੁਥਣੀ ਪੰਜਾਬੀ ਮਰਦਾਂ ਦੀ ਪਹਿਚਾਣ ਹੁੰਦੀ ਸੀ, ਜਦਕਿ ਪੰਜਾਬੀ ਔਰਤਾਂ ਲਈ ਫੁਲਕਾਰੀ,ਪਰਾਂਦਾ,ਤੇ ਸਲਵਾਰ-ਕਮੀਜ਼ ਆਮ ਹੁੰਦੇ ਸਨ ਪਰ ਹੁਣ ਵੈਸਟਰਨ ਲਿਬਾਸ ਨੇ ਪੰਜਾਬੀ ਪਹਿਰਾਵਿਆਂ ਨੂੰ ਪਿੱਛੇ ਧੱਕ ਦਿੱਤਾ ਹੈ,। ਉਹਨਾਂ ਕਿਹਾ ਕਿ ਪਹਿਲਾਂ ਖੇਤੀਬਾੜੀ ਪੰਜਾਬ ਦੀ ਮੁੱਖ ਪਹਿਚਾਣ ਸੀ, ਪਰ ਹੁਣ ਨੌਜਵਾਨ ਵਿਦੇਸ਼ ਜਾਣ ਦੀ ਦੌੜ ਵਿੱਚ ਲੱਗੇ ਹੋਏ ਹਨ, ਜਿਸ ਨਾਲ ਪਿੰਡਾਂ ਦੀ ਰੌਣਕ ਘੱਟ ਰਹਿ ਗਈ ਹੈ । ਉਹਨਾ ਕਿਹਾ ਕਿ ਹੁਣ ਪੁਰਾਣੀਆਂ ਖੇਤੀ ਤਕਨੀਕਾਂ ਦੀ ਥਾਂ ਨਵੀਆਂ ਤਕਨੀਕਾਂ ਨੇ ਲੈ ਲਈ ਹੈ, ਪਰ ਸਮੇਂ ਦੇ ਨਾਲ ਨਾਲ ਖੇਤੀ ਨਾਲ ਜੁੜੀ ਪੰਜਾਬੀ ਵਿਰਾਸਤ ਵੀ ਮਿੱਟਦੀ ਜਾ ਰਹੀ ਹੈ।

By admin

Related Post