Breaking
Thu. Oct 8th, 2026

ਕਰਮਾਂ ਦੀ ਖੇਤੀ ਬੋਲਾਂ ਵਿਹਾਰ ਅਤੇ ਫ਼ੈਸਲਿਆਂ ਤੋਂ ਬਣਦੀ ਹੈ ਜੀਵਨ ਦੀ ਅਸਲ ਤਸਵੀਰ

ਵਿਹਾਰ

​ਹੁਸ਼ਿਆਰਪੁਰ, 8 ਅਕਤੂਬਰ (ਤਰਸੇਮ ਦੀਵਾਨਾ ) — ਉੱਘੀ ਸਮਾਜ ਸੇਵਕਾ ਡਾਕਟਰ ਸੋਨੀਆ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਗੰਭੀਰ ਚਿੰਤਨ ਪ੍ਰਗਟ ਕੀਤਾ ਕਿ ਕੁਦਰਤ ਦਾ ਨਿਯਮ ਅਤੇ ਹਿਸਾਬ ਬੜਾ ਸਿੱਧਾ ਤੇ ਅਟੱਲ ਹੈ। ਇੱਥੇ ਨਾ ਕਿਸੇ ਦੀ ਸਿਫ਼ਾਰਸ਼ ਚੱਲਦੀ ਹੈ ਅਤੇ ਨਾ ਹੀ ਛਲ-ਕਪਟ ਜਾਂ ਧਨ-ਦੌਲਤ ਦਾ ਕੋਈ ਵਿਸ਼ੇਸ਼ ਅਰਥ ਹੁੰਦਾ ਹੈ। ਇਨਸਾਨ ਆਪਣੇ ਬੋਲਾਂ, ਆਪਣੇ ਨਿੱਤ ਦੇ ਵਿਹਾਰ, ਆਪਣੇ ਅਹਿਮ ਫ਼ੈਸਲਿਆਂ ਅਤੇ ਸਭ ਤੋਂ ਵੱਧ ਆਪਣੇ ਕਰਮਾਂ ਰਾਹੀਂ ਰੋਜ਼ਾਨਾ ਜ਼ਿੰਦਗੀ ਦੇ ਖੇਤ ਵਿੱਚ ਕੁਝ ਨਾ ਕੁਝ ਬੀਜ ਰਿਹਾ ਹੁੰਦਾ ਹੈ, ਅਤੇ ਸਮਾਂ ਆਉਣ ‘ਤੇ ਉਹੀ ਬੀਜ ਫ਼ਸਲ ਦਾ ਰੂਪ ਧਾਰ ਕੇ ਉਸਦੇ ਸਾਹਮਣੇ ਆ ਖੜ੍ਹੇ ਹੁੰਦੇ ਹਨ।

​ਡਾ. ਸੋਨੀਆ ਨੇ ਮਿਸਾਲ ਦਿੰਦਿਆਂ ਆਖਿਆ ਕਿ ਕਿੱਕਲਾਂ ਬੀਜ ਕੇ ਕਦੇ ਵੀ ਅਮਰੂਦਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਸਾਡੇ ਜੀਵਨ ਦੇ ਬਹੁਤ ਸਾਰੇ ਦੁੱਖ ਅਤੇ ਸੰਤਾਪ ਸਾਡੇ ਆਪਣੇ ਹੀ ਬੀਜੇ ਹੋਏ ਬੀਜਾਂ ਦਾ ਨਤੀਜਾ ਹੁੰਦੇ ਹਨ। ਅਸਲ ਸਿਆਣਪ ਇਸ ਗੱਲ ਵਿੱਚ ਹੈ ਕਿ ਮਾੜੀ ਫ਼ਸਲ ਹੱਥ ਲੱਗਣ ‘ਤੇ ਸਿਰਫ਼ ਮੌਸਮ, ਹਾਲਾਤ ਜਾਂ ਕਿਸਮਤ ਨੂੰ ਦੋਸ਼ ਦੇਣ ਦੀ ਬਜਾਏ, ਇਨਸਾਨ ਇੱਕ ਵਾਰ ਆਪਣੇ ਅੰਦਰ ਝਾਤ ਮਾਰੇ ਅਤੇ ਆਪਣੇ ਪਿਛਲੇ ਕਰਮਾਂ ਦੀ ਪੜਚੋਲ ਕਰੇ। ਦੁਨੀਆ ਨਾਲ ਲੜਨਾ ਸੌਖਾ ਹੋ ਸਕਦਾ ਹੈ, ਪਰ ਆਪਣੇ ਹੀ ਅੰਦਰ ਝਾਤ ਮਾਰਨਾ ਸਭ ਤੋਂ ਵੱਡੀ ਚੁਣੌਤੀ ਹੈ।

ਅੱਜ ਤੋਂ ਹੀ ਨਵੇਂ ਅਤੇ ਚੰਗੇ ਬੀਜ ਬੀਜੇ ਜਾ ਸਕਦੇ ਹਨ

​ਉਨ੍ਹਾਂ ਅੱਗੇ ਕਿਹਾ ਕਿ ਕਰਮਾਂ ਦਾ ਹਿਸਾਬ ਕੇਵਲ ਸਜ਼ਾ ਭੁਗਤਣ ਦਾ ਨਾਂ ਨਹੀਂ ਹੈ, ਸਗੋਂ ਇਹ ਆਪਣੇ ਆਪ ਨੂੰ ਸੁਧਾਰਨ ਅਤੇ ਨਵੀਂ ਸ਼ੁਰੂਆਤ ਕਰਨ ਦਾ ਇੱਕ ਸੁਨਹਿਰੀ ਮੌਕਾ ਵੀ ਪ੍ਰਦਾਨ ਕਰਦਾ ਹੈ। ਜੇਕਰ ਅੱਜ ਸਾਨੂੰ ਅਹਿਸਾਸ ਹੋ ਜਾਵੇ ਕਿ ਸਾਡੇ ਪਾਸੋਂ ਕੋਈ ਗ਼ਲਤ ਬੀਜ ਬੀਜਿਆ ਗਿਆ ਸੀ, ਤਾਂ ਇਸਦਾ ਹਰਗਿਜ਼ ਇਹ ਮਤਲਬ ਨਹੀਂ ਕਿ ਸਾਡੀ ਪੂਰੀ ਜ਼ਿੰਦਗੀ ਖ਼ਤਮ ਹੋ ਗਈ ਹੈ। ਅੱਜ ਤੋਂ ਹੀ ਨਵੇਂ ਅਤੇ ਚੰਗੇ ਬੀਜ ਬੀਜੇ ਜਾ ਸਕਦੇ ਹਨ, ਕਿਸੇ ਨਾਲ ਧੋਖਾ ਨਾ ਕਰਨ ਦਾ ਪ੍ਰਣ ਲਿਆ ਜਾ ਸਕਦਾ ਹੈ ਅਤੇ ਆਪਣੀ ਬੋਲੀ ਵਿੱਚ ਮਠਿਆਸ ਅਤੇ ਨਰਮੀ ਲਿਆਂਦੀ ਜਾ ਸਕਦੀ ਹੈ।

​ਜ਼ਿੰਦਗੀ ਦਾ ਅਸਲ ਮੋੜ ਅਤੇ ਤਬਦੀਲੀ ਉਦੋਂ ਆਉਂਦੀ ਹੈ ਜਦੋਂ ਮਨੁੱਖ ਦੂਜਿਆਂ ਉੱਤੇ ਦੋਸ਼ ਮੜ੍ਹਨਾ ਛੱਡ ਕੇ ਆਪਣੀ ਗ਼ਲਤੀ ਅਤੇ ਜ਼ਿੰਮੇਵਾਰੀ ਖ਼ੁਦ ਕਬੂਲ ਕਰ ਲੈਂਦਾ ਹੈ। ਚੰਗੇ ਕਰਮਾਂ ਦਾ ਅਰਥ ਸਿਰਫ਼ ਵੱਡੀਆਂ ਮਾਇਕ ਭੇਟਾਵਾਂ ਦੇਣਾ ਜਾਂ ਦੁਨੀਆ ਨੂੰ ਦਿਖਾਵਾ ਕਰਨਾ ਨਹੀਂ ਹੁੰਦਾ, ਸਗੋਂ ਕਿਸੇ ਲੋੜਵੰਦ ਦੀ ਬਾਂਹ ਫੜਨੀ, ਬਜ਼ੁਰਗਾਂ ਨਾਲ ਆਦਰ-ਸਤਿਕਾਰ ਨਾਲ ਪੇਸ਼ ਆਉਣਾ, ਕਿਸੇ ਦੁਖੀ ਦੀ ਗੱਲ ਬਿਨਾਂ ਕਿਸੇ ਸੁਆਰਥ ਤੋਂ ਸੁਣ ਲੈਣਾ ਅਤੇ ਕਿਸੇ ਦੀ ਗ਼ੈਰਹਾਜ਼ਰੀ ਵਿੱਚ ਉਸਦੀ ਇੱਜ਼ਤ ਦੀ ਰਾਖੀ ਕਰਨਾ ਅਸਲ ਨੇਕੀ ਹੈ। ਅਖ਼ੀਰ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਤੋਂ ਆਪਣੇ ਕਰਮਾਂ ਦੇ ਖੇਤ ਵਿੱਚ ਸੱਚ, ਪਿਆਰ, ਦਇਆ ਅਤੇ ਇਮਾਨਦਾਰੀ ਦੇ ਬੀਜ ਬੀਜੀਏ, ਤਾਂ ਜੋ ਆਉਣ ਵਾਲੇ ਸਮέਂ ਵਿੱਚ ਜ਼ਿੰਦਗੀ ਦੀ ਫ਼ਸਲ ਕੱਟਣ ਵੇਲੇ ਸਾਡੇ ਕੋਲ ਸ਼ਿਕਾਇਤਾਂ ਘੱਟ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਬਹੁਤ ਜ਼ਿਆਦਾ ਹੋਵੇ।

By admin

Related Post