ਜਿੰਦਗੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰੋ : ਡਾ.ਅਜੇ ਬੱਗਾ

ਡਾ.ਅਜੇ ਬੱਗਾ

ਪ੍ਰਿੰਸੀਪਲ ਬੱਗਾ ਵੀ ਸਵੇਰ ਵੇਲੇ ਲੋਕਾਂ ਦੇ ਘਰਾਂ ਵਿੱਚ ਅਖਬਾਰਾਂ ਵੰਡਦੇ ਸਨ

ਹੁਸ਼ਿਆਰਪੁਰ 31 ਮਈ ( ਤਰਸੇਮ ਦੀਵਾਨਾ ) ਕੌਮੀ ਏਕਤਾ, ਧਰਮ ਨਿਰਪੱਖਤਾ ਅਤੇ ਆਪਸੀ ਭਾਈਚਾਰਕ ਸਾਂਝ ਲਈ ਜੀਵਨ ਭਰ ਕਾਰਜਰਤ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ ਯਾਦ ਵਿੱਚ ਅੱਜ 11 ਉਹਨਾਂ ਵਿਦਿਆਰਥੀਆਂ ਨੂੰ ਹਰ ਮਹੀਨੇ 1000/- ਰੁ: ਇੱਕ ਸਾਲ ਵਾਸਤੇ ਵਜੀਫਾ ਦੇਣ ਦਾ ਫੈਸਲਾ ਕੀਤਾ ਗਿਆ, ਜਿਹੜੇ ਵਿਦਿਆਰਥੀ ਦਿਨ ਵੇਲੇ ਕਾਲਜ ਵਿੱਚ ਪੜਾਈ ਕਰਦੇ ਹਨ ਅਤੇ ਸਵੇਰੇ ਘਰਾਂ ਦੇ ਵਿੱਚ ਅਖਬਾਰਾਂ ਵੰਡਦੇ ਹਨ। “ਮਿਹਨਤ ਸੇ ਕਾਮਯਾਬੀ” ਦਾ ਸੰਦੇਸ਼ ਦੇਣ ਵਾਸਤੇ ਲੋੜਵੰਦਾਂ ਨੂੰ ਵਜੀਫੇ ਦੇਣ ਤੋਂ ਇਲਾਵਾ 6 ਨਵੇਂ ਸਾਈਕਲ ਵੀ ਦਿੱਤੇ ਗਏ। ਸਾਇਕਲ ਹਾਸਲ ਕਰਨ ਵਾਲਿਆਂ ਵਿੱਚ, ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਵਾਲੇ ਕਰਮਚਾਰੀ ਵੀ ਸ਼ਾਮਿਲ ਹਨ ਜੋ ਕਿ ਸਾਈਕਲ ਨਾ ਹੋਣ ਸਦਕਾ ਆਪਣੇ ਘਰ ਤੋਂ ਪੈਦਲ ਹੀ ਸ਼ਮਸ਼ਾਨ ਘਾਟ ਆਉਂਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਅਜੇ ਬੱਗਾ ਨੇ ਦੱਸਿਆ ਕਿ ਸਵ: ਪ੍ਰਿੰਸੀਪਲ ਬੱਗਾ ਦੀ ਯਾਦ ਵਿੱਚ ਅਖਬਾਰ ਵੰਡਣ ਵਾਲਿਆਂ ਨੂੰ ਵਜੀਫਾ ਅਤੇ ਸ਼ਮਸ਼ਾਨ ਘਾਟ ਵਿੱਚ ਕਾਰਜਰਤ ਕਾਮਿਆਂ ਨੂੰ ਸਾਇਕਲ ਦੇਣ ਦਾ ਫੈਸਲਾ ਸਮਾਜਵਾਦੀ ਆਗੂ ਪ੍ਰਿੰਸੀਪਲ ਬੱਗਾ ਦੇ ਸੰਘਰਸ਼ਾਂ ਨੂੰ ਜਿੱਥੇ ਜਿੰਦਾ ਰੱਖਣ ਵਿੱਚ ਸਹਾਇਕ ਸਾਬਿਤ ਹੋਵੇਗਾ ਉੱਥੇ ਉਹਨਾਂ ਸਾਰਿਆਂ ਲੋਕਾਂ ਵਾਸਤੇ ਪ੍ਰੇਰਣਾ ਦਾ ਸ੍ਰੋਤ ਹੋਵੇਗਾ ਜਿਹੜੇ ਕਿ ਕਠਿਨਾਈਆਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਸਤੇ ਸੰਘਰਸ਼ ਕਰ ਰਹੇ ਹਨ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਵੰਡ ਵੇਲੇ ਓਮ ਪ੍ਰਕਾਸ਼ ਬੱਗਾ ਗੁੱਜਰਾਂਵਾਲਾ (ਪਾਕਿਸਤਾਨ) ਤੋਂ ਹੁਸ਼ਿਆਰਪੁਰ ਵਿੱਚ ਆ ਕੇ ਵਸ ਗਏ ਸਨ। ਪ੍ਰਿੰਸੀਪਲ ਬੱਗਾ ਸਵੇਰ ਵੇਲੇ ਅਖਬਾਰਾਂ ਵੰਡਦੇ ਸਨ ਅਤੇ ਦਿਨ ਵੇਲੇ ਡੀ.ਏ.ਵੀ. ਕਾਲਜ ਵਿੱਚ ਪੜਾਈ ਕਰਦੇ ਸਨ। ਉਹਨਾਂ ਦੱਸਿਆ ਕਿ ਪ੍ਰਿੰਸੀਪਲ ਬੱਗਾ ਨੇ ਐਮ.ਏ. ਰਾਜਨੀਤੀ ਸ਼ਾਸ਼ਤਰ, ਹਿੰਦੀ ਅਤੇ ਬੀ.ਐਡ. ਕਰਨ ਉਪਰੰਤ ਡੀ.ਏ.ਵੀ. ਸੰਸਥਾਵਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਪੰਜਾਬ ਦੇ ਉਸ ਵੇਲੇ ਦੇ ਸਮਾਜਵਾਦੀ ਆਗੂ ਚੌਧਰੀ ਬਲਵੀਰ ਸਿੰਘ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸੀਪਲ ਬੱਗਾ ਸਿਆਸਤ ਵਿੱਚ ਆਏ ਅਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਨਕਾਰ ਚੁਣੇ ਗਏ। ਪ੍ਰਿੰਸੀਪਲ ਬੱਗਾ ਦੀ ਕਹਾਣੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਸ਼ਕਤੀ ਦਾ ਪ੍ਰਮਾਣ ਹੈ।

By admin

Related Post