• 6 ਕਰੋੜ ਦੀ ਲਾਗਤ ਨਾਲ ਬਣੇ ਦੋਵੇਂ ਹੋਸਟਲਾਂ ਨੇ ਧਾਰਿਆ ਭੂਤ ਖੰਡਰ ਦਾ ਰੂਪ
• “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਦਾ ਮੂੰਹ ਚਿੜਾ ਰਹੇ ਹੋਸਟਲਾਂ ਦੇ ਚੋਰੀ ਹੋਏ ਖਿੜਕੀਆਂ ਦਰਵਾਜੇ
• ਮੀਡੀਆ ਦਾ ਸਾਹਮਣਾ ਕਰਨ ਤੋਂ ਟਾਲਾ ਵੱਟ ਰਹੇ ਨੇ ਏਡੀਸੀ ਵਿਕਾਸ
ਹੁਸ਼ਿਆਰਪੁਰ, 29 ਮਈ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਤੌਰ ‘ਤੇ ਮਾਨਤਾ ਦੇ ਕੇ ਰੋਜ਼ਗਾਰ ਕਮਾਉਣ ਦੇ ਲਾਇਕ ਬਣਾਉਣ ਲਈ ਤਿਆਰ ਕੀਤੀ ਸਕੀਮ ਤਹਿਤ ਸਾਲ 2016-17 ਵਿੱਚ 12 ਕਰੋੜ ਦੀ ਲਾਗਤ ਨਾਲ ਆਈਟੀਆਈ ਹੁਸ਼ਿਆਰਪੁਰ ਵਿੱਚ ਬਣਿਆ ਹੋਇਆ “ਮਲਟੀ ਸਕਿਲ ਡਿਵੈਲਪਮੈਂਟ ਸੈਂਟਰ” ਅੱਜਕਲ੍ਹ ਆਪਣੇ ਮਨਸੂਬਿਆਂ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੁੰਦਾ ਹੋਇਆ ਮਹਿਜ਼ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਇੰਜ ਸਮੇਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਅਤੇ ਸੰਬੰਧਿਤ ਵਿਭਾਗ ਦੀ ਨਲਾਇਕੀ ਸਦਕਾ ਸਰਕਾਰੀ ਖਜ਼ਾਨੇ ਦਾ ਕਰੋੜਾਂ ਰੁਪਈਆ ਮਿੱਟੀ ਹੋ ਕੇ ਰਹਿ ਗਿਆ ਹੈ। ਇਸ ਦੇ ਸਬੂਤ ਵੱਜੋਂ ਬਿਲਡਿੰਗ ਦੇ 250 ਦੇ ਕਰੀਬ ਬਿਜਲੀ ਦੇ ਪੱਖੇ, ਐਗਜਾਸਟ ਫੈਨ, ਬਿਜਲੀ ਫਿਟਿੰਗ, ਬਿਜਲੀ ਸਵਿੱਚ ਬੋਰਡ, ਵਾਟਰ ਪਿਊਰੀ ਫਾਇਰ ਸਿਸਟਮ, ਬਾਥਰੂਮਾਂ ਤੇ ਵਾਸ਼ ਰੂਮਾਂ ਦੀਆਂ ਟੂਟੀਆਂ, ਪਾਈਪਾਂ, ਦਰਵਾਜੇ ਖਿੜਕੀਆਂ, ਸ਼ੀਸ਼ੇ, ਲੈਟਰੀਨਾਂ ਦੀ ਸੀਟਾਂ, ਮਿਰਰ ਦਾ ਗਾਇਬ ਹੋਣਾ ਹੀਂ ਵੱਡਾ ਸਾਬਿਤ ਹੈ | ਮਸਲਾ ਇਹ ਹੈ ਕਿ ਇਹ ਸਾਰੀਆਂ ਮਹਿੰਗੀਆਂ ਚੀਜ਼ਾਂ ਗਾਇਬ ਜਾਂ ਚੋਰੀ ਹੋਣ ਲਈ ਕਿਸ ਨੂੰ ਜਿੰਮੇਵਾਰ ਠਹਿਰਾਇਆ ਜਾਵੇਗਾ?
ਇਹ ਹੈ ਕਹਾਣੀ :-
ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁਰ ਕਰੀਬ 25 ਏਕੜ ਜਗ੍ਹਾ ਵਿੱਚ ਸੰਨ 1962 ਤੋਂ ਜਲੰਧਰ ਰੋਡ ਤੇ ਸਥਿਤ ਹੈ। ਜਿਸ ਵਿੱਚ ਦੋ ਹੋਰ ਸੰਸਥਾਵਾਂ ਬੇਸਿਕ ਟਰੇਨਿੰਗ ਸੈਂਟਰ ਅਤੇ ਉਦਯੋਗਿਕ ਸਿਖਲਾਈ ਸਕੂਲ (ਲੜਕੇ) ਵੀ ਚੱਲ ਰਹੀਆਂ ਹਨ। ਕੰਪਲੈਕਸ ਵਿੱਚ ਡਾਇਰੈਕਟਰ ਜਨਰਲ ਇੰਪਲਾਇਮੈਂਟ ਅਤੇ ਟਰੇਨਿੰਗ ਨਵੀਂ ਦਿੱਲੀ ਵੱਲੋਂ ਜਾਰੀ ਨਿਯਮਾਂ ਅਤੇ ਮਿਆਰ ਦੀ ਅਣਦੇਖੀ ਕਰਦਿਆਂ ਕੇਂਦਰ ਸਰਕਾਰ ਵਲੋਂ ਜਾਰੀ 12 ਕਰੋੜ ਦੀ ਲਾਗਤ ਨਾਲ ਇੱਕ ਹੋਰ ਸੰਸਥਾ “ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ” ਬਣਾਈ ਗਈ। ਜਿਸ ਲਈ ਤਿੰਨ ਬਿਲਡਿੰਗਾਂ ਦੀ ਜਰੂਰਤ ਸੀ। ਇੱਕ ਬਿਲਡਿੰਗ ਵਿੱਚ ਪੜ੍ਹਾਈ, ਸਿਖਲਾਈ ਅਤੇ ਪ੍ਰਬੰਧਕੀ ਬਲਾਕ ਵਜੋਂ ਕੰਮ ਕਰਨਾ ਸੀ ਅਤੇ ਦੂਸਰੀਆਂ ਦੋ ਬਿਲਡਿੰਗਾਂ ਲੜਕੇ ਅਤੇ ਲੜਕੀਆਂ ਦੇ ਲਈ ਹੋਸਟਲ ਵਜੋਂ ਵਰਤੋਂ ਵਿੱਚ ਲਿਆਂਦੇ ਜਾਣੇ ਸਨ। ਸੰਨ 2016-17 ਵਿੱਚ ਨਿਯਮਾਂਵਲੀ ਅਨੁਸਾਰ ਨਵੀਆਂ ਅਤਿ ਆਧੂਨਿਕ ਬਿਲਡਿੰਗਾਂ ਬਣਾਈਆਂ, ਮਸ਼ੀਨਰੀ, ਟੂਲਜ ਇਕਊਪਮੈਂਟ, ਹਰ ਤਰ੍ਹਾਂ ਦਾ ਫਰਨੀਚਰ, ਬੈਡ, ਬਿਸਤਰੇ ਆਦਿ ਨਾਲ ਲੈੱਸ “ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਸਥਾਪਿਤ ਹੋਇਆ।
ਪ੍ਰਬੰਧਕੀ ਵਿੰਗ ਤੇ ਕਰੀਬ 6 ਕਰੋੜ ਅਤੇ ਦੋਨਾਂ ਹੋਸਟਲਾਂ ਤੇ 6 ਕਰੋੜ ਖਰਚ ਕੇ ਤਿੰਨੇ ਹੀ ਬਿਲਡਿੰਗਾਂ ਬਹੁਤ ਵਧੀਆਂ ਬਣੀਆਂ
ਪ੍ਰਬੰਧਕੀ ਵਿੰਗ ਤੇ ਕਰੀਬ 6 ਕਰੋੜ ਅਤੇ ਦੋਨਾਂ ਹੋਸਟਲਾਂ ਤੇ 6 ਕਰੋੜ ਖਰਚ ਕੇ ਤਿੰਨੇ ਹੀ ਬਿਲਡਿੰਗਾਂ ਬਹੁਤ ਵਧੀਆਂ ਬਣੀਆਂ ਜਿਸ ਵਿੱਚ ਸਿਖਲਾਈ ਦੇ ਕੇ ਸਮੁੱਚੇ ਪੰਜਾਬ ਦੀਆਂ ਫੈਕਟਰੀਆਂ ਦੇ ਅਣ-ਸਕਿਲ ਵਰਕਰਾਂ ਨੂੰ ਵੱਖ ਵੱਖ ਟਰੇਡਾਂ ਦੇ ਸ਼ਾਰਟ ਟਰਮ ਕੋਰਸਾਂ ਰਾਹੀ ਸਿਖਲਾਈ ਕਰਵਾ ਕੇ ਸੈਮੀ ਸਕਿਲਡ ਵਰਕਰ ਤਿਆਰ ਕੀਤੇ ਜਾਣੇ ਸਨ। ਪਰ ਫੈਕਟਰੀ ਮਾਲਕਾਂ ਵਲੋਂ ਸਾਥ ਨਾ ਦੇਣ ਕਾਰਨ ਸਕੀਮ ਦੇ ਸ਼ੁਰੂ ਵਿੱਚ ਹੀ ਦਮ ਤੋੜ ਗਈ। ਸ਼ੁਰੂ ਦੇ ਪਹਿਲੇ ਸਾਲ 1-2 ਟਰੇਡਾਂ ਦੇ ਕੇਵਲ 1-2 ਬੈਜ ਹੀ ਬੜੀ ਮੁਸ਼ਕਿਲ ਨਾਲ ਚੱਲ ਸਕੇ। ਕਿਉਕਿ ਫੈਕਟਰੀਆਂ ਦੇ ਮਾਲਕਾਂ ਵਲੋਂ ਇਸ ਸੈਂਟਰ ਨੂੰ ਅਣ-ਸਕਿਲਡ ਵਰਕਰ ਸਿਖਲਾਈ ਲਈ ਭੇਜੇ ਹੀ ਨਹੀ ਗਏ। ਜਿਸ ਕਰਕੇ ਇਹ ਸਕੀਮ ਪਹਿਲੇ ਸਾਲ ਹੀ ਬੰਦ ਹੋ ਗਈ। ਫਿਰ ਇੱਥੇ ਦੋ ਮੰਜ਼ਿਲਾ ਲੜਕਿਆਂ ਦੇ ਹੋਸਟਲ ‘ਚ ਕੇਵਲ ਪਹਿਲੇ ਬੈਚ ਦੇ 15 ਤੋਂ 20 ਦੇ ਕਰੀਬ ਸਿਖਿਆਰਥੀ ਲੜਕੇ ਹੀ ਹੋਸਟਲ ਵਿੱਚ ਰਹੇ ਸਨ। ਉਸ ਸਮੇਂ ਹੋਸਟਲ ਵਾਰਡਨ ਵੀ ਸ਼ਾਇਦ ਕੰਟ੍ਰੇਕਟ ਬੇਸ ਤੇ ਹੀ ਰੱਖੇ ਹੋਣਗੇ। ਸ਼ਾਰਟ ਟਰਮ ਕੋਰਸ ਬੰਦ ਹੋਣ ਨਾਲ ਹੋਸਟਲ ਵਿੱਚ ਲੜਕੇ ਆਉਣੇ ਬੰਦ ਹੋ ਗਏ। ਪਰ ਇਨ੍ਹਾਂ ਨਵੀਆਂ ਬਣੀਆਂ ਬਿਲਡਿੰਗਾਂ ਦੀ ਸਾਂਭ ਸੰਭਾਲ ਲਈ ਕਿਸੇ ਵਿਭਾਗ ਨੂੰ ਹੈੰਡ ਓਵਰ ਕਰਨ ਦਾ ਪ੍ਰਬੰਧ ਸਥਾਨਿਕ ਪ੍ਰਸਾਸ਼ਨ ਵਲੋਂ ਨਹੀਂ ਕੀਤਾ ਗਿਆ।
ਇਹ ਬਿਲਡਿੰਗਾਂ ਆਈ.ਟੀ.ਆਈ. ਹੁਸ਼ਿਆਰਪੁਰ ਦੇ ਕੰਪਲੈਕਸ ਵਿੱਚ ਬਣੀਆਂ ਸਨ
“ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ” ਦੇ ਸ਼ਾਰਟ ਟਰਮ ਕੋਰਸਾਂ ਦੀ ਸਿਖਲਾਈ ਬੰਦ ਹੋਣ ਉਪਰੰਤ ਇਹ ਬਣੀ ਸਮੁੱਚੀ ਬਿਲਡਿੰਗ ਤੇ ਆਈ.ਟੀ.ਆਈ ਹੁਸ਼ਿਆਰਪੁਰ ਦੇ ਪ੍ਰਸਾਸ਼ਨ ਨੂੰ ਸਪੁਰਦ ਕਰਨੀ ਬਣਦੀ ਸੀ ਕਿਉਕਿ ਇਹ ਬਿਲਡਿੰਗਾਂ ਆਈ.ਟੀ.ਆਈ. ਹੁਸ਼ਿਆਰਪੁਰ ਦੇ ਕੰਪਲੈਕਸ ਵਿੱਚ ਬਣੀਆਂ ਸਨ। ਪਰ ਅਜਿਹਾ ਨਹੀ ਕੀਤਾ ਗਿਆ। ਕੇਵਲ ਪ੍ਰਬੰਧਕੀ ਬਲਾਕ ਦੀ ਉਪਰਲੀ ਬਿਲਡਿੰਗ ਦੇ ਕੁੱਝ ਹਿੱਸੇ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਹੁਸ਼ਿਆਰਪੁਰ ਦੇ ਦਫਤਰ ਵਲੋਂ ਸਥਾਨਕ ਪ੍ਰਸਾਸ਼ਨ ਦੀ ਮਦਦ ਨਾਲ ਆਪਣਾ ਦਫਤਰ ਚਲਾਇਆ ਜਾ ਰਿਹਾ ਹੈ। ਇਸ ਦੇ ਉਪਰ ਦੇ ਕੁੱਝ ਕਮਰੇ, ਥੱਲੇ ਗਰਾਉਂਡ ਫਲੋਰ ਤੇ ਬਣੀ ਬਿਲਡਿੰਗ ਅਤੇ ਅਤਿ ਆਧੂਨਿਕ ਹੋਸਟਲਾਂ ਦੀਆਂ 2 ਬਿਲਡਿੰਗਾਂ ਕਿਸੇ ਦੇ ਸੁਪਰਦ ਕਰਨ ਦੀ ਬਜਾਏ ਜਿੰਦਰੇ ਲਾ ਦਿੱਤੇ ਗਏ। ਇੰਨ੍ਹਾਂ ਬਿਲਡਿੰਗ ਦੀ ਦੇਖ ਰੇਖ ਵੀ ਕਿਸੇ ਨੂੰ ਨਹੀਂ ਸੌਂਪੀ ਗਈ ।
ਅੱਜ ਜਦੋ ਸਾਡੇ ਸਥਾਨਕ ਪੱਤਰਕਾਰ ਨੇ ਹੋਸਟਲਾਂ ਦਾ ਨਿੱਜੀ ਨਰੀਖਣ ਕੀਤਾ ਤਾਂ ਵੇਖਿਆਂ ਤੇ ਬਾਹਰੋਂ ਇਉ ਜਾਪ ਰਿਹਾ ਸੀ ਜਿਵੇ ਇਹ ਹੋਸਟਲ ਨਹੀਂ ਕਿਸੇ ਪੁਰਾਣੇ ਸਥਾਨਕ ਖੰਡਰਾਂ ਦੀਆਂ ਬਿਲਡਿੰਗਾਂ ਹੋਣ। ਇਨ੍ਹਾਂ ਬਿਲਡਿੰਗਾਂ ਦੇ ਮੁੱਖ ਪ੍ਰਵੇਸ਼ ਦੁਆਰ ਤੇ ਵੱਡੇ ਵੱਡੇ ਕਾਨਿਆਂ ਦੇ ਬੂਝੇ ਉਗੇ ਹੋਏ ਹਨ। ਉੱਥੋ ਲੰਘ ਕੇ ਬਿਲਡਿੰਗ ਦੇ ਅੰਦਰ ਜਾਣਾ ਕੋਈ ਸੌਖੀ ਗੱਲ ਨਹੀ ਹੈ। ਜਦੋਂ ਲੜਕਿਆਂ ਦੇ ਹੋਸਟਲ ਦੀ ਬਿਲਡਿੰਗ ਦੇ ਅੰਦਰ ਦਾ ਹਾਲ ਵੇਖਿਆ ਤਾਂ ਅੰਦਰ ਵੜਦਿਆਂ ਹੀ ਹੋਸਟਲ ਦੇ ਮੇਨ ਗੇਟ ਗਾਇਬ ਸਨ ਅਤੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਹੋਈ ਸੀ ਅਤੇ ਲੋਬੀ ਵਿੱਚ ਕੋਈ ਵੀ ਪੱਖਾ ਲੱਗਾ ਵਿਖਾਈ ਨਹੀ ਦਿੱਤਾ। ਜਦੋ ਲੌਬੀ ਦੇ ਸੱਜੇ ਹੱਥ ਕੰਧ ਉੱਪਰ ਲੱਗੀਆਂ ਤਿੰਨਾਂ ਫਲੈਕਸ ਬੋਰਡਾਂ ਉਪਰ“ਮਨਿਸਟਰੀ ਆਫ ਰੂਰਲ ਡਿਪੈਲਪਮੈਂਟ, ਗੌਰਮਿੰਟ ਆਫ ਇੰਡੀਆ” ਲਿਿਖਆ ਹੋਇਆ ਸੀ। ਜਿਸ ਤੋਂ ਸਾਫ ਹੈ ਕਿ ਹੋਸਟਲਾਂ ਦੀਆਂ ਬਿਲਡਿੰਗਾਂ ਸਥਾਨਕ ਏਡੀਸੀ ਵਿਕਾਸ ਹੁਸ਼ਿਆਰਪੁਰ ਦੇ ਅਧੀਨ ਹੀ ਹੋਣਗੀਆਂ।
ਨਵੀਆਂ ਬਣੀਆਂ ਖੰਡਰ ਨੁਮਾਂ ਬਿਲਡਿੰਗਾਂ ਦਾ ਇਹ ਹਾਲ ਕਿਸੇ ਜਿੰਮੇਵਾਰ ਵਿਭਾਗ ਨੂੰ ਨਾ ਸੌਪਣ ਅਤੇ ਮਾੜੇ ਸਥਾਨਕ ਪ੍ਰਸਾਸਨਕ ਪ੍ਰਬੰਧ ਦਾ ਨਤੀਜਾ ਜਾਪਦਾ ਹੈ
ਇਨ੍ਹਾਂ ਹੀ ਬੋਰਡਾਂ ਉਪਰ ਅੰਕਿਤ ਵੇਰਵੇ ਅਨੂਸਾਰ ਹੋਸਟਲ ਦੇ ਕੁੱਲ 24 ਕਮਰੇ, 14 ਥੱਲੇ ਅਤੇ 14 ਹੀ ਦੂਸਰੀ ਮੰਜਿਲ ਤੇ ਹਨ। ਦੋਵਾਂ ਹੀ ਮੰਜਿਲਾਂ ਵਿੱਚ ਸਥਾਪਿਤ 24 ਕਮਰਿਆਂ, ਹਾਲ ਕਮਰਿਆਂ ਅਤੇ ਕੰਨਟੀਨਾਂ ਅੰਦਰ ਲੱਗੇ ਹੋਏ ਸਾਰੇ ਬਿਜਲੀ ਦੇ ਪੱਖੇ ਚੋਰੀ ਹੋ ਗਏ ਜਾਪਦੇ ਹਨ, ਬਿਜਲੀ ਦੀ ਵਾਇਰਿੰਗ, ਬਿਜਲੀ ਸਵਿੱਚ ਬੋਰਡ, ਵਾਟਰ ਪਿਊਰੀ ਫਾਇਰ ਸਿਸਟਮ, ਬਾਥਰੂਮਾਂ ਤੇ ਵਾਸ਼ ਰੂਮਾਂ ਦੀਆਂ ਟੂਟੀਆਂ, ਪਾਈਪਾਂ ਵੀ ਚੋਰੀ ਹੋਈਆਂ ਜਾਪਦੀਆਂ ਹਨ, ਦਰਵਾਜੇ ਖਿੜਕੀਆਂ, ਸ਼ੀਸ਼ੇ, ਲੈਟਰੀਨਾਂ ਦੀ ਸੀਟਾਂ, ਮਿਰਰ, ਸੱਭ ਬੁਰੀ ਤਰ੍ਹਾਂ ਤੋੜੇ ਹੋਏ ਹਨ। ਅਜਿਹਾ ਹੀ ਹਾਲ ਲੜਕੀਆਂ ਦੇ ਹੋਸਟਲ ਦਾ ਵੀ ਹੈ। ਨਵੀਆਂ ਬਣੀਆਂ ਖੰਡਰ ਨੁਮਾਂ ਬਿਲਡਿੰਗਾਂ ਦਾ ਇਹ ਹਾਲ ਕਿਸੇ ਜਿੰਮੇਵਾਰ ਵਿਭਾਗ ਨੂੰ ਨਾ ਸੌਪਣ ਅਤੇ ਮਾੜੇ ਸਥਾਨਕ ਪ੍ਰਸਾਸਨਕ ਪ੍ਰਬੰਧ ਦਾ ਨਤੀਜਾ ਜਾਪਦਾ ਹੈ।
ਅੱਜ ਕੱਲ ਇਹ ਬਿਲਡਿੰਗਾਂ ਨਸ਼ੇੜੀਆਂ ਲਈ ਸਵਰਗ ਬਣੀਆਂ ਹੋਈਆਂ ਹਨ। ਇੰਨ੍ਹਾਂ ਬਿਲਡਿੰਗਾਂ ਦੀ ਇੰਨੀ ਬੁਰੀ ਹਾਲਤ ਹੈ ਕਿ ਇੰਨ੍ਹਾਂ ਦੇ ਚੁਫੇਰੇ ਪੂਰਾ ਜੰਗਲ ਬਣਿਆ ਹੋਇਆ। ਇਨ੍ਹਾਂ ਬਿਲਡਿੰਗਾਂ ਵਿੱਚ ਰਾਤ ਸਮੇਂ ਤਾਂ ਕੀ ਦਿਨ ਸਮੇਂ ਵੀ ਜਾਣ ਤੋਂ ਡਰ ਲਗਦਾ ਹੈ। ਸ਼ਾਇਦ ਇਸ ਦਾ ਫਾਇਦਾ ਲੈ ਕੇ ਹੀ ਚੋਰ ਇਨ੍ਹਾਂ ਬਿਲਡਿੰਗਾਂ ਦਾ ਸਮਾਨ ਚੋਰੀ ਕਰਨ ਵਿੱਚ ਕਾਮਯਾਬ ਹੋਇਆ ਹੋਵੇ।
ਕੀ ਕਹਿੰਦੇ ਨੇ ਪ੍ਰਿੰਸੀਪਲ :-
ਜਦੋਂ ਇਸ ਸਬੰਧੀ ਸਥਾਨਕ ਆਈ.ਟੀ.ਆਈ. ਸਥਿਤ “ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ” ਦੀ ਪ੍ਰਬੰਧਕੀ ਬਲਾਕ ਦੀ ਬਿਲਡਿੰਗ ਅਤੇ ਹੋਸਟਲਾਂ ਦੀ ਖਸਤਾ ਹਾਲਤ ਦੇ ਸਬੰਧ ਵਿੱਚ ਆਈ.ਟੀ.ਆਈ. ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਗੁਰਨਾਮ ਸਿੰਘ ਨੂੰ ਪੁੱਛਣ ‘ਤੇ ਉਨ੍ਹਾਂ ਦਸਿਆ ਕਿ ਉਕਤ ਸਾਰੀਆਂ ਬਿਲਡਿੰਗਾਂ ਸਾਡੇ ਪ੍ਰਸਾਸ਼ਨ ਦੇ ਅਧੀਨ ਨਹੀਂ ਹਨ। ਸਾਡੀ ਸੰਸਥਾ ਨੂੰ ਇਨ੍ਹਾਂ ਬਿਲਡਿੰਗਾਂ ਦਾ ਚਾਰਜ ਨਹੀ ਦਿੱਤਾ ਗਿਆ। ਉਨ੍ਹਾਂ ਦਸਿਆਂ ਕਿ “ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ” ਦੀ ਸਿਖਲਾਈ ਮੁਕੰਮਲ ਬੰਦ ਹੋਣ ਉਪਰੰਤ ਇਹ ਬਿਲਡਿੰਗਾਂ ਸਾਡੇ ਕੰਪਲੈਕਸ ਵਿੱਚ ਬਣੀਆਂ ਹੋਣ ਕਰਕੇ ਪ੍ਰਿੰਸੀਪਲ ਆਈ.ਟੀ.ਆਈ. ਨੂੰ ਹੀ ਸਪੁਰਦ ਕਰਨੀਆਂ ਬਣਦੀਆਂ ਸਨ ਕਿਉਕਿ ਸਾਡੇ ਕੋਲ ਸਿਖਲਾਈ ਪ੍ਰਾਪਤ ਕਰਦੇ ਸਿਖਿਆਰਥੀਆਂ ਕੋਲ ਥਿਊਰੀ ਰੂਮਾਂ ਦੀ ਬਹੁਤ ਵੱਡੀ ਘਾਟ ਹੈ।
ਬਿਲਡਿੰਗਾਂ ਦੀ ਵਰਤੋਂ ਸੁਚੱਜੇ ਢੰਗ ਕੀਤੀ ਜਾ ਸਕਦੀ ਹੈ
ਇਸ ਤਰ੍ਹਾਂ ਜੇ ਇਹ ਬਿਲਡਿੰਗਾਂ ਆਈ.ਟੀ.ਆਈ. ਨੂੰ ਸਪੁਰਦ ਕੀਤੀਆਂ ਜਾਂਦੀਆਂ ਤਾਂ ਕਮਰਿਆਂ ਦੀ ਘਾਟ ਪੂਰੀ ਹੋਣ ਦੇ ਨਾਲ ਨਾਲ ਇਨ੍ਹਾਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਵੀ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ “ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ” ਦੀ ਸਮੁੱਚੀ ਬਿਲਡੰਗ ਪ੍ਰਬੰਧਕੀ ਬਲਾਕ ਸਮੇਤ ਹੋਸਟਲ ਦੇ ਦੋਵੇ ਬਲਾਕ ਦੀਆਂ ਬਿਲਡਿੰਗਾਂ ਆਈ ਟੀ ਆਈ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਨੂੰ ਹੈਡਉਵਰ ਕਰ ਦਿੱਤੀਆਂ ਜਾਣ ਤਾਂ ਆਈ.ਟੀ ਆਈ ਹੁਸ਼ਿਆਰਪੁਰ ਦੇ ਸਿਖਿਆਰਥੀਆਂ ਲਈ ਪ੍ਰਬੰਧਕੀ ਬਲਾਕ ਵਿੱਚ ਵਰਕਸ਼ਾਪਾਂ ਅਤੇ ਹੋਸਟਲ ਦੇ ਕਮਰਿਆਂ ਨੂੰ ਥਿਉਰੀ ਰੂਮਾਂ ਵਜੋਂ ਵਰਤੋ ਵਿੱਚ ਲਿਆ ਕੇ ਸਿਖਲਾਈ ਦੇ ਮਿਆਰ ਵਿੱਚ ਸੁਧਾਰ ਕੀਤਾ ਜਾ ਸਕਦੀ ਹੈ ਅਤੇ ਬਿਲਡਿੰਗਾਂ ਦੀ ਵਰਤੋਂ ਸੁਚੱਜੇ ਢੰਗ ਕੀਤੀ ਜਾ ਸਕਦੀ ਹੈ ਅਤੇ ਲੋੜੀਦੇ ਨਵੇਂ ਕੋਰਸ ਵੀ ਖੋਲ੍ਹੇ ਜਾ ਸਕਦੇ ਹਨ। ਹੋਰ ਤਾਂ ਹੋਰ ਆਈ.ਟੀ.ਆਈ. ਵਿੱਚ ਮੌਜੂਦਾ ਸਟਾਫ ਨੂੰ ਥੋੜਾ ਬਹੁਤ ਇਨਸੈਨਟਿਵ ਦੇ ਕੇ ਸ਼ਾਰਟ ਟਰਮ ਕੋਰਸ ਵੀ ਚਲਾਏ ਜਾ ਸਕਦੇ ਹਨ ਜਿਸ ਮਕਸਦ ਲਈ ਇਹ ਬਿਲਡਿੰਗਾਂ ਬਣਾਈਆ ਗਈਆਂ ਸਨ। ਉਸ ਮਕਸਦ ਨੂੰ ਵੀ ਪੂਰਾ ਕੀਤਾ ਜਾ ਸਕਦਾ ਸੀ।
ਵੇਖਣਾ ਹੁਣ ਇਹ ਹੋਵੇਗਾ ਕਿ ਇਹ ਬਿਲਡਿੰਗਾਂ ਕਿਸ ਦੇ ਚਾਰਜ ਵਿੱਚ ਸਨ ਅਤੇ ਇਨ੍ਹਾਂ ਬਿਲਡਿੰਗਾਂ ਦੇ ਦੇਖ-ਰੇਖ ਦਾ ਪ੍ਰਬੰਧ ਕਿਸ ਕੋਲ ਸੀ। ਇਸ ਸਮੇਂ ਇਨ੍ਹਾਂ ਬਿਲਡਿੰਗਾਂ ਵਿੱਚ ਚੋਰੀ ਹੋਏ ਬਿਜਲੀ ਦੇ ਪੱਖੇ, ਬਿਜਲੀ ਦੀ ਵਾਇਰਿੰਗ, ਬਿਜਲੀ ਦੇ ਲੱਗਪੱਗ ਸਾਰੇ ਹੀ ਸਵਿੱਚ, ਵਾਟਰ ਪਿਉਰੀ ਫਾਇਰ ਸਿਸਟਮ, ਐਗਜਾਸਟ ਫੈਨ, ਬੈਡ, ਬਿਸਤਰੇ, ਕੁਰਸੀਆਂ, ਟੇਬਲ, ਬੈਂਚ, ਵਾਟਰ ਸਪਲਾਈ ਦੀ ਪਾਈਪਾਂ ਅਤੇ ਟੂਟੀਆਂ ਵਗੈਰਾ ਆਦਿ ਸਮਾਨ ਜੋ ਚੋਰੀ ਹੋਇਆ ਜਾਪਦਾ ਹੈ ਕਿਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਅੱਗੋਂ ਇਹ ਬਿਲਡਿੰਗਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ।
ਮੀਡੀਆ ਦਾ ਸਾਹਮਣਾ ਕਰਨ ਤੋਂ ਟਾਲਾ ਵੱਟ ਰਹੇ ਨੇ ਏਡੀਸੀ ਵਿਕਾਸ:-ਨਿਕਾਸ ਕੁਮਾਰ
ਇਸ ਸਾਰੇ ਮਸਲੇ ਬਾਰੇ ਸਥਾਨਿਕ ਪ੍ਰਸ਼ਾਸਨ ਦਾ ਪੱਖ ਲੈਣ ਲਈ ਜਦੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਆਈਏਐੱਸ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ ਤੇ ਪੱਤਰਕਾਰਾਂ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਵਿੱਚ ਕਰੀਬ 8-10 ਫੋਨ ਕਰਨ ਦੇ ਬਾਵਜੂਦ ਇਸ ਲੋਕ ਸੇਵਕ ਅਧਿਕਾਰੀ ਵੱਲੋਂ ਫੋਨ ਅਟੈਂਡ ਕਰਨ ਜਾਂ ਵਾਪਸ ਫੋਨ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਕਤ ਅਧਿਕਾਰੀ ਆਪਣੀ ਡਿਊਟੀ ਨਿਭਾਉਣ ਪ੍ਰਤੀ ਕਿੰਨਾ ਕੁ ਸੰਜੀਦਾ ਅਤੇ ਗੰਭੀਰ ਹੈ|