ਹੁਸ਼ਿਆਰਪੁਰ 1 ਜੂਨ ( ਤਰਸੇਮ ਦੀਵਾਨਾ ) ਪਿਛਲੇ ਕੁਝ ਹਫ਼ਤਿਆਂ ਵਿੱਚ ਪੰਜਾਬ ਹਿਲ ਕੇ ਰਹਿ ਗਿਆ ਹੈ। ਇੱਕ ਦੇ ਬਾਅਦ ਇੱਕ ਹੋ ਰਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਕਾਨੂੰਨ ਤੇ ਕਾਇਦਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। ਥੋੜੇ ਦਿਨ ਪਹਿਲਾ ਜਲੰਧਰ ਵਿੱਚ ਦਿਨ ਦਿਹਾੜੇ ਇੱਕ ਵਕੀਲ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਹਮਲਾ ਸਿਰਫ ਇੱਕ ਵਿਅਕਤੀ ਉੱਤੇ ਨਹੀਂ ਸਗੋਂ ਪੂਰੀ ਕਾਨੂੰਨ ਪ੍ਰਣਾਲੀ ਉੱਤੇ ਇੱਕ ਧੱਕਾ ਹੈ । ਇਸ ਤੋ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ’ਚ ਇੱਕ ਮੌਜੂਦਾ ਕੌਂਸਲਰ ਦੀ ਹੱਤਿਆ ਕੀਤੀ । ਇਹ ਲੋਕਤੰਤਰ ਉੱਤੇ ਸਿੱਧਾ ਹਮਲਾ ਹੈ। ਇਹ ਵੱਖ-ਵੱਖ ਘਟਨਾਵਾਂ ਇੱਕ ਖ਼ਤਰਨਾਕ ਰੁਝਾਨ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਐਸਸੀ ਵਿੰਗ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਐਡਵੋਕੇਟ ਸ਼ਮਸੇਰ ਸਿੰਘ ਭਾਰਦਵਾਜ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਲੁਧਿਆਣਾ ਵਿੱਚ ਤਿੰਨ ਗਰੀਬ ਦਲਿਤ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਇਹ ਕੋਈ ਇਤਫ਼ਾਕ ਨਹੀਂ ਸੀ ਇਹ ਉਸੀ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੀ ਜੋ ਹੁਣ ਆਮ ਹੋ ਚੁੱਕੀ ਹੈ।
ਪਿਛਲੇ ਦਿਨੀ ਮਜੀਠਾ ਵਿੱਚ ਹੀ 27 ਲੋਕ, ਜਹਿਰੀਲੀ ਸਰਾਬ ਪੀਣ ਨਾਲ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਆਖ ਗਏ
ਪਿਛਲੇ ਦਿਨੀ ਮਜੀਠਾ ਵਿੱਚ ਹੀ 27 ਲੋਕ, ਜਹਿਰੀਲੀ ਸਰਾਬ ਪੀਣ ਨਾਲ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਆਖ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਐਸਸੀ.ਵਰਗ ਨਾਲ ਸਬੰਧਤ ਲੋਕ ਸਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗ ਵਾਰਾਂ ਹਰ ਰੋਜ਼ ਦੀ ਗੱਲ ਬਣ ਗਈ ਹੈ। ਅਪਰਾਧੀ ਬੇਖੌਫ਼ ਹੋ ਕੇ ਘੁੰਮ ਰਹੇ ਹਨ। ਨਾ ਸਜ਼ਾ,ਨਾ ਡਰ, ਨਾ ਕੋਈ ਰੋਕ। ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਮਾਨ ਸਰਕਾਰ ਹੇਠ ਖੁੱਲੀ ਛੂਟ ਮਿਲੀ ਹੋਈ ਹੈ, ਪਰ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਤਬਾਹੀ ਦਾ ਜ਼ਿੰਮੇਵਾਰ ਕੌਣ ਹੈ?
ਪੰਜਾਬ ਪੁਲਿਸ ਨੂੰ ਰਾਜਨੀਤਿਕ ਦਖਲਅੰਦਾਜ਼ੀ ਨੇ ਬੇਅਸਰ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਗ੍ਰਹਿ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ, ਉਹ ਲੋਕਾਂ ਦੀ ਜਾਨ ਤੇ ਇੱਜ਼ਤ ਦੀ ਰਾਖੀ ਕਰਨ ਵਿੱਚ ਨਾਕਾਮ ਰਹਿਆ ਹੈ। ਉਹਨਾਂ ਕਿਹਾ ਕਿ ਇਹ ਸਾਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ,ਕਿਉਂਕਿ ਉਨ੍ਹਾਂ ਨੇ ਹੀ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਹੋਇਆ ਹੈ । ਉਹਨਾਂ ਕਿਹਾ ਕਿ ਅੱਜ ਜੇ ਸੂਬੇ ਦੇ ਲੋਕ ਸੜ ਰਹੇ ਹਨ ਜਾ ਮਰ ਰਹੇ ਹਨ ਤਾਂ ਉਸ ਲਈ ਸਿੱਧੀ ਤਰ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੀ ਜ਼ਿੰਮੇਵਾਰ ਹੈ।