ਹੁਸ਼ਿਆਰਪੁਰ 8 ਅਕਤੂਬਰ (ਤਰਸੇਮ ਦੀਵਾਨਾ) — ਬੀ.ਸੀ.ਸੀ.ਆਈ. ਵੱਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਮਹਿਲਾ ਅੰਡਰ-19 ਕ੍ਰਿਕਟ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਦੀ ਕਪਤਾਨੀ ਐਚ.ਡੀ.ਸੀ.ਏ. ਦੀ ਖਿਡਾਰਨ ਸੁਰਭੀ ਨਾਰਾਇਣ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦਾ ਇਹ ਰਾਸ਼ਟਰੀ ਟੂਰਨਾਮੈਂਟ ਮੁੰਬਈ ਵਿਖੇ 7 ਅਕਤੂਬਰ ਤੋਂ 17 ਅਕਤੂਬਰ ਤੱਕ ਕਰਵਾਇਆ ਜਾਵੇਗਾ।
ਡਾ. ਘਈ ਨੇ ਕਿਹਾ ਕਿ ਹੁਸ਼ਿਆਰਪੁਰ ਦੀ ਹੋਣਹਾਰ ਖਿਡਾਰਨ ਸੁਰਭੀ ਨੂੰ ਪੰਜਾਬ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਮਿਲਣ ਨਾਲ ਪੂਰੇ ਪੰਜਾਬ ਵਿੱਚ ਹੁਸ਼ਿਆਰਪੁਰ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਸੁਰਭੀ ਦੇ ਪੰਜਾਬ ਅੰਡਰ-19 ਮਹਿਲਾ ਟੀਮ ਦੀ ਕਪਤਾਨ ਬਣਨ ਨਾਲ ਹੁਸ਼ਿਆਰਪੁਰ ਦੇ ਹੋਰ ਹੋਣਹਾਰ ਖਿਡਾਰੀਆਂ ਨੂੰ ਵੀ ਪ੍ਰੇਰਣਾ ਮਿਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਐਚ.ਡੀ.ਸੀ.ਏ. ਦੇ ਹੋਰ ਖਿਡਾਰੀ ਵੀ ਪੰਜਾਬ ਟੀਮ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।
ਉਨ੍ਹਾਂ ਦੱਸਿਆ ਕਿ ਵੁੱਡਲੈਂਡ ਓਵਰਸੀਜ਼ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਸੁਰਭੀ ਪੰਜਾਬ ਅੰਡਰ-19 ਤੋਂ ਇਲਾਵਾ ਇਸ ਤੋਂ ਪਹਿਲਾਂ ਪੰਜਾਬ ਅੰਡਰ-15 ਅਤੇ ਪੰਜਾਬ ਮਹਿਲਾ ਅੰਡਰ-23 ਟੀਮਾਂ ਵਿੱਚ ਵੀ ਖੇਡ ਚੁੱਕੀ ਹੈ।
ਸੁਰਭੀ ਦੇ ਕਪਤਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾਂ ਨੇ ਉਸ ਨੂੰ ਵਧਾਈ ਦਿੰਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਐਚ.ਡੀ.ਸੀ.ਏ. ਦੇ ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸੁਭਾਸ਼ ਸ਼ਰਮਾ ਤੋਂ ਇਲਾਵਾ ਸਮੂਹ ਐਚ.ਡੀ.ਸੀ.ਏ. ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਸੁਰਭੀ ਦੇ ਕਪਤਾਨ ਬਣਨ ਨਾਲ ਹੁਸ਼ਿਆਰਪੁਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਸੁਰਭੀ ਦੀ ਕੋਚ ਦਵਿੰਦਰ ਕੌਰ ਕਲਿਆਣ ਅਤੇ ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਵੀ ਉਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਮਿਹਨਤ ਅਤੇ ਲਗਨ ਨਾਲ ਸੁਰਭੀ ਕ੍ਰਿਕਟ ਖੇਡ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਉਸ ਦੇ ਆਧਾਰ ’ਤੇ ਉਹ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਕੌਮੀ ਟੀਮ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੀ ਹੈ।
ਸੁਰਭੀ ਦੇ ਪੰਜਾਬ ਅੰਡਰ-19 ਮਹਿਲਾ ਟੀਮ ਦੀ ਕਪਤਾਨ ਬਣਨ ’ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ ਅਤੇ ਕੋਚ ਅਸ਼ੋਕ ਸ਼ਰਮਾ, ਪ੍ਰਵੀਨ ਸ਼ਿੰਟੂ, ਪੰਕਜ ਪਿੰਕਾ, ਕਰਨ ਸੈਣੀ ਅਤੇ ਸੁਰਭੀ ਦੇ ਟ੍ਰੇਨਰ ਤੇ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ ਨੇ ਵੀ ਉਸ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਧਾਈ ਦਿੱਤੀ।

