ਜਲੰਧਰ 3 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉੱਘੇ ਚਿੰਤਕ, ਬੁੱਧੀਜੀਵੀ ਅਤੇ ਰਾਜਸੀ ਆਗੂ ਸ੍ਰੀ ਲਹਿੰਬਰ ਸਿੰਘ ਤੱਗੜ ਦੁਆਰਾ ਲਿਖੀ ਪੁਸਤਕ ‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ’ ਉੱਪਰ ਵਿਸਥਾਰਿਤ ਗੋਸ਼ਟੀ ਅਤੇ ਸੈਮੀਨਾਰ 5 ਜੁਲਾਈ 2025 ਨੂੰ ਸਵੇਰੇ 10:00 ਵਜੇ ਭਾਸ਼ਾ ਵਿਭਾਗ ਪਟਿਆਲਾ ਦੇ ਆਡੀਟੋਰੀਅਮ ਵਿੱਚ ਸ਼ਨੀਵਾਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੇਂ) ਰਜਿ: ਵੱਲੋਂ ਕਾਮਰੇਡ ਮੇਘ ਨਾਥ ਸ਼ਰਮਾ ਬਠਿੰਡਾ, ਡਾ. ਦਰਸ਼ਨ ਸਿੰਘ ਆਸ਼ਟ ਪ੍ਰਧਾਨ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਸ੍ਰੀ ਜੀ.ਐੱਸ. ਆਨੰਦ ਪ੍ਰਧਾਨ ਤੇ ਜਨਰਲ ਸਕੱਤਰ ਬਲਵੀਰ ਜਲਾਲਾਬਾਦੀ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਅਤੇ ਪਟਿਆਲੇ ਜ਼ਿਲ੍ਹੇ ਦੀਆਂ ਲੇਖਕ ਸਭਾਵਾਂ ਦੇ ਉਤਸ਼ਾਹਜਨਕ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਇਸ ਸੰਬੰਧੀ ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਮੋਹਾਲੀ ਜ਼ਿਲਿਆਂ ਦੇ ਮੈਂਬਰਾਂ ਅਤੇ ਕੇਂਦਰੀ ਸਭਾ ਦੀ ਚੁਣੀ ਹੋਈ ਕਮੇਟੀ ਅਤੇ ਕਾਰਜਕਾਰਨੀ ਨਾਲ ਸੰਪਰਕ ਹੋ ਚੁੱਕਿਆ ਹੈ। ਪੰਜਾਬ ਅੰਦਰਲੀਆਂ ਸਭਾਵਾਂ ਦੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ। ਇਸ ਪੁਸਤਕ ਉੱਪਰ ਡਾ. ਭੀਮਇੰਦਰ ਸਿੰਘ, ਡਾ. ਜੋਗਾ ਸਿੰਘ ਅਤੇ ਡਾ. ਗੁਰਨਾਇਬ ਸਿੰਘ ਪੇਪਰ ਪੜ੍ਹਣਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਵਿਸ਼ੇਸ਼ ਹਿਮਾਨ ਸਾਹਿਤ ਰਤਨ ਪੰਜਾਬ ਡਾ. ਤੇਜਵੰਤ ਮਾਨ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਹੋਣਗੇ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਵਨ ਹਰਚੰਦਪੁਰੀ ਤੋਂ ਇਲਾਵਾ ਉੱਘੇ ਚਿੰਤਕ ਡਾ. ਸੁਰਜੀਤ ਸਿੰਘ ਭੱਟੀ, ਉੱਘੇ ਆਲੋਚਕ ਡਾ. ਰਾਜਿੰਦਰਪਾਲ ਸਿੰਘ ਬਰਾੜ, ਚਿੰਤਨਸ਼ੀਲ ਅਤੇ ਸੰਜੀਦਾ ਲੇਖਕ ਬੀ.ਐੱਸ. ਰਤਨ, ਡਾ. ਬਲਦੇਵ ਸਿੰਘ ਬੱਧਨ ਸਾਬਕਾ ਨਿਰਦੇਸ਼ਕ ਐਨ.ਐੱਸ.ਬੀ.ਟੀ, ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਡਾ. ਗੁਰਚਰਨ ਕੌਰ ਕੋਚਰ ਦੋਵੇਂ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਸਭਾ ਹੋਣਗੇ। ਪੰਜਾਬੀ ਸਾਹਿਤ ਦੀਆਂ ਉੱਘੀਆਂ ਹਸਤੀਆਂ ਅਤੇ ਰਾਜਨੀਤਿਕ ਬੁੱਧੀਜੀਵੀ ਗੋਸ਼ਟੀ ਅੰਦਰਲੇ ਸੰਵਾਦ ਨੂੰ ਹੋਰ ਸੁਚਾਰੂ ਬਣਾਉਣਗੇ। ਸਮਾਗਮ ਵਿੱਚ ਅਗਾਂਹਵਧੂ ਅਤੇ ਇਨਕਲਾਬੀ ਕਵਿਤਾਵਾਂ ਵੀ ਪੇਸ਼ ਹੋਣਗੀਆਂ। ਸਮਾਗਮ ਵਿੱਚ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੀ ਹਾਜ਼ਰ ਰਹਿਣਗੇ।