Breaking
Mon. Jun 16th, 2025

31 ਮਈ ਨੂੰ ਰਾਤ 9:30 ਵਜੇ ਤੋਂ 10 ਵਜੇ ਦਰਮਿਆਨ ਹੋਵੇਗਾ ਬਲੈਕ ਆਊਟ ਦਾ ਅਭਿਆਸ

ਬਲੈਕ ਆਊਟ

– ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕਰਵਾਇਆ ਜਾ ਰਿਹੈ ਅਭਿਆਸ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ

– ਕਿਹਾ, ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ

ਜਲੰਧਰ 30 ਮਈ (ਜਸਵਿੰਦਰ ਸਿੰਘ ਆਜ਼ਾਦ)- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ ਸਾਇਰਨ ਦੀ ਅਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ।

ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ, ਪਰ ਫਿਰ ਵੀ ਜੇਕਰ ਇਸ ਸਬੰਧੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0181-2224417 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਡਾ. ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਬਲੈਕ ਆਊਟ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਇਕ ਅਭਿਆਸ ਵਜੋਂ ਕਰਵਾਇਆ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ ਹੈ।

ਬਲੈਕ ਆਊਟ ਦੇ ਸਮੇਂ ਦੌਰਾਨ ਆਪਣੇ ਵਾਹਨ ਸੜਕ ਦੇ ਇਕ ਪਾਸੇ ਲਗਾਕੇ ਲਾਈਟ ਬੰਦ ਕੀਤੀ ਜਾਵੇ

ਡਾ. ਅਗਰਵਾਲ ਨੇ ਦੱਸਿਆ ਕਿ ਬਲੈਕ ਆਊਟ ਦੌਰਾਨ ਗੈਰ ਜ਼ਰੂਰੀ ਤੌਰ ‘ਤੇ ਵਾਹਨਾਂ ਰਾਹੀਂ ਸਫਰ ਨਾ ਕੀਤਾ ਜਾਵੇ ਅਤੇ ਜ਼ਰੂਰੀ ਸਫ਼ਰ ਕਰਨ ‘ਤੇ ਬਲੈਕ ਆਊਟ ਦੇ ਸਮੇਂ ਦੌਰਾਨ ਆਪਣੇ ਵਾਹਨ ਸੜਕ ਦੇ ਇਕ ਪਾਸੇ ਲਗਾਕੇ ਲਾਈਟ ਬੰਦ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ 31 ਮਈ ਨੂੰ ਹੀ ਸ਼ਾਮ 6 ਵਜੇ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਹਿਤਿਆਤ ਵਜੋਂ ਮੌਕ ਡਰਿੱਲ ਕਰਵਾਈ ਜਾਂਦੀ ਹੈ। ਮੌਕ ਡਰਿੱਲ ਦੌਰਾਨ ਜਿਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਕਰਨ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਜ਼ਰੂਰੀ ਸੇਵਾਵਾਂ ਜਿਵੇਂ ਖਾਧ ਪਦਾਰਥਾਂ ਦੀ ਉਪਲਬੱਧਤਾ, ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਦਾ ਅਭਿਆਸ ਕਰਵਾਇਆ ਜਾਂਦਾ ਹੈ।

ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ., ਬੀ.ਐਸ.ਐਫ.ਅਤੇ ਫੌਜ ਆਦਿ ਸਮੇਤ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗ ਸ਼ਾਮਿਲ ਹੋਣਗੇ ਅਤੇ ਐਮਰਜੈਂਸੀ ਹਾਲਾਤ ਦੌਰਾਨ ਜੋ ਸੁਰੱਖਿਆ ਉਪਾਅ ਵਰਤੇ ਜਾਂਦੇ ਹਨ, ਉਨ੍ਹਾਂ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਅਭਿਆਸ ਕਰਨਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆ ਨੂੰ ਇਹ ਵੀ ਅਪੀਲ ਕੀਤੀ ਕਿ ਅਭਿਆਸ ਦੌਰਾਨ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਕਰਕੇ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾੳਂਦਿਆਂ ਪੂਰਨ ਸਹਿਯੋਗ ਦਿੱਤਾ ਜਾਵੇ।

By admin

Related Post