Breaking
Tue. Sep 15th, 2026

ਪਿੰਡ ਅਜਨੋਹਾ ਵਿਖ਼ੇ ਕਰਵਾਏ ਗਏ 78ਵੇ ਛਿੰਝ ਮੇਲੇ ਵਿਚ ਪੰਜਾਬ ਭਰ ਤੋਂ ਲੱਗਭਗ 80 ਪਹਿਲਵਾਨਾਂ ਨੇ ਦਿਖਾਏ ਕੁਸ਼ਤੀ ਦੇ ਜੌਹਰ : ਬਾਬਾ ਹਰਕੀਰਤ ਸਿੰਘ

ਪਿੰਡ ਅਜਨੋਹਾ

ਪੰਜਾਬ ਵਿੱਚ ਵਗ ਰਹੀ ਨਸ਼ਿਆਂ ਦੀ ਹਨੇਰੀ ਤੋਂ ਤੌਬਾ ਕਰਕੇ ਨੌਜਵਾਨ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ : ਕੁਲਜੀਤ ਬਜਵਾੜਾ

ਹੁਸ਼ਿਆਰਪੁਰ 15 ਸਤੰਬਰ (ਤਰਸੇਮ ਦੀਵਾਨਾ) – ਨਜ਼ਦੀਕੀ ਪਿੰਡ ਅਜਨੋਹਾ ਵਿਖੇ ਦਰਬਾਰ ਗੁੱਗਾ ਜਾਹਰ ਪੀਰ ਦੇ ਗੱਦੀ ਨਸ਼ੀਨ ਬਾਬਾ ਹਰਕੀਰਤ ਸਿੰਘ ਗੋਰਖਾ ਅਤੇ ਨੇਕੂ ਅਜਨੋਹਾ ਦੇ ਸੁਚੱਜੇ ਪ੍ਰਬੰਧਾਂ ਹੇਠ 78ਵਾਂ ਛਿੰਝ ਮੇਲਾ ਨਗਰ ਪੰਚਾਇਤ, ਐਨ.ਆਰ.ਆਈ. ਵੀਰਾਂ, ਸਹਿਯੋਗੀਆਂ ਅਤੇ ਬੱਧਣ ਪਰਿਵਾਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਅਜਨੋਹਾ ਵੱਲੋਂ ਕਰਵਾਏ ਇਸ ਛਿੰਝ ਮੇਲੇ ਵਿੱਚ ਪੰਜਾਬ ਭਰ ਤੋਂ ਪਹੁੰਚੇ ਲਗਭਗ 80 ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਉਂਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਜੀਤ ਸਿੰਘ ਬਜਵਾੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਛਿੰਝ ਮੇਲੇ ਦੀ ਸ਼ੁਰੂਆਤ ਕਰਵਾਈ। ਆਪਣੇ ਸੰਬੋਧਨ ਵਿੱਚ ਕੁਲਜੀਤ ਬਜਵਾੜਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਹੌਸਲਾ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਤੌਬਾ ਕਰਕੇ ਆਪਣਾ ਪੂਰਾ ਧਿਆਨ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵੱਲ ਲਗਾਉਣ। ਉਨ੍ਹਾਂ ਕਿਹਾ ਕਿ ਤੰਦਰੁਸਤ ਅਤੇ ਨਸ਼ਾ ਮੁਕਤ ਨੌਜਵਾਨ ਹੀ ਦੇਸ਼ ਤੇ ਸਮਾਜ ਦੀ ਮਜ਼ਬੂਤ ਨੀਂਹ ਬਣ ਸਕਦੇ ਹਨ।

ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਨੇਕੂ ਅਜਨੋਹਾ ਨੇ ਦੱਸਿਆ ਕਿ ਇਹ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ 78ਵਾਂ ਛਿੰਝ ਮੇਲਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅਜਨੋਹਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਪਹਿਲਾਂ ਗੁੱਗੇ ਦੀਆਂ ਕਾਰਾਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਤੋਂ ਬਾਅਦ ਗੁੱਗਾ ਨੌਮੀ ਮੌਕੇ ਇਹ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਭਾਗ ਲੈਣ ਵਾਲੇ ਹਰ ਪਹਿਲਵਾਨ, ਭਾਵੇਂ ਉਹ ਜੇਤੂ ਹੋਵੇ ਜਾਂ ਹਾਰਨ ਵਾਲਾ, ਨੂੰ ਯੋਗ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਛਿੰਝ ਮੇਲੇ ਦੀ ਝੰਡੀ ਦੀ ਕੁਸ਼ਤੀ ਵਿੱਚ ਇਮਰਾਨ ਚੱਬੇਵਾਲ ਨੇ ਅਨੂਸ ਪਹਿਲਵਾਨ ਨੂੰ ਹਰਾ ਕੇ ਜਿੱਤ ਦਰਜ ਕੀਤੀ। ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਅਤੇ ਖੇਡ ਪ੍ਰੇਮੀਆਂ ਨੇ ਪਹਿਲਵਾਨਾਂ ਦੇ ਜੌਹਰਾਂ ਦਾ ਖੂਬ ਆਨੰਦ ਮਾਣਿਆ। ਛਿੰਝ ਮੇਲੇ ਦੀ ਕਮੈਂਟਰੀ ਰਿਕੀ ਸ਼ਾਮ 84 ਵੱਲੋਂ ਦਿਲਚਸਪ ਸ਼ੇਰੋ-ਸ਼ਾਇਰੀ ਨਾਲ ਕੀਤੀ ਗਈ, ਜਿਸ ਨੇ ਮੇਲੇ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।

ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ, ਮਨਜੀਤ ਸਿੰਘ ਬੱਧਣ ਸਾਬਕਾ ਥਾਣੇਦਾਰ, ਜਤਿੰਦਰ ਭੋਲੂ, ਸੰਜੇ ਸ਼ਰਮਾ, ਵਿੱਕੀਪੁਰ ਹੀਰਾ ਸੈਕਟਰੀ ਬੇਗਮਪੁਰਾ ਟਾਈਗਰ ਫੋਰਸ, ਭੋਲੂ ਅਜਨੋਹਾ, ਬਲਵਿੰਦਰ ਬਿੰਦੀ ਮੌਜੂਦਾ ਐਮ.ਸੀ. ਹੁਸ਼ਿਆਰਪੁਰ, ਚੰਦਨ ਕੁਮਾਰ ਲੱਕੀ ਪ੍ਰਧਾਨ ਅੱਤਿਆਚਾਰ ਵਿਰੋਧੀ ਫਰੰਟ, ਰਾਜਾ, ਸਤਨਾਮ ਸਿੰਘ, ਭੋਲੂ, ਦੀਪਾ ਸਰਪੰਚ, ਸਿੰਦੀ ਸਰਪੰਚ, ਰਾਜਾ ਹੰਸ, ਸਤਵੀਰ ਸੈਣੀ, ਦਵਿੰਦਰ ਪਾਲ, ਮਨੀ ਬਲਜੋਤ, ਦੀਪਾ ਧੂਰਾ, ਜੀਤਾ ਬੱਧਣ, ਰੌਬਿਨ ਭੱਟੀ, ਮਨਜੀਤ ਸਿੰਘ ਬੱਧਣ, ਟੀਟਾ, ਪਿਆਰਾ ਸਿੰਘ, ਸਨੀ ਜੱਸਲ ਭੀਮ ਆਰਮੀ, ਗੋਗਾ ਪਹਿਲਵਾਨ, ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਵੱਧ-ਚੜ੍ਹ ਕੇ ਸ਼ਿਰਕਤ ਕੀਤੀ।

By admin

Related Post