ਜਲੰਧਰ 8 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਪਸ਼ੂਆਂ ਨੂੰ ਮਲੱਪ ਰਹਿਤ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪਸ਼ੂਆਂ ਦੀ ਮਾਸ ਡੀਵਰਮਿੰਗ ਮੁਹਿੰਮ ਏ.ਐਸ.ਸੀ.ਏ.ਸੀ. ਸਕੀਮ ਅਧੀਨ ਸਥਾਨਕ ਵੈਟਰਨਰੀ ਪੋਲੀਕਲੀਨਿਕ ਤੋਂ ਸ਼ੁਰੂ ਕੀਤੀ ਗਈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਹਾਰੂਨ ਰਤਨ ਨੇ ਇਸ ਮੌਕੇ ਸਮੂਹ ਫੀਲਡ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਡੀਵਰਮ ਮੁਫ਼ਤ ਵੰਡਿਆ ਜਾਣਾ ਹੈ ਅਤੇ ਵੰਡੇ ਗਏ ਡੀਵਰਮ ਦਾ ਮੁਕੰਮਲ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਪਸ਼ੂਆਂ ਨੂੰ ਮਲੱਪ ਰਹਿਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਮ ਮੂਰਤੀ, ਵੈਟਰਨਰੀ ਅਫ਼ਸਰ ਡਾ. ਨੈਂਸੀ ਸੂਦ ਤੇ ਡਾ. ਸੰਦੀਪ ਕੁਮਾਰ, ਵੈਟਰਨਰੀ ਇੰਸਪੈਕਟਰ ਅਸ਼ੋਕ ਕੁਮਾਰ ਤੇ ਰਾਜੀਵ ਕੁਮਾਰ ਆਦਿ ਵੀ ਮੌਜੂਦ ਸਨ।