Breaking
Tue. May 19th, 2026

ਬੋਰਵੈੱਲ ਵਿੱਚ ਡਿੱਗੇ 3 ਸਾਲਾ ਬੱਚੇ ਗੁਰਕਰਣ ਸਿੰਘ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵੱਲੋਂ ਸਫਲ ਇਲਾਜ ਉਪਰੰਤ ਘਰ ਭੇਜਿਆ

ਗੁਰਕਰਣ ਸਿੰਘ

ਹੁਸ਼ਿਆਰਪੁਰ, 19 ਮਈ (ਤਰਸੇਮ ਦੀਵਾਨਾ ) – ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵੱਲੋਂ ਇੱਕ ਵਾਰ ਫਿਰ ਮਨੁੱਖਤਾ, ਤੱਤਪਰਤਾ ਅਤੇ ਸੇਵਾ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਗਈ ਹੈ। ਦਸੂਹਾ ਰੋਡ ਸਥਿਤ ਪਿੰਡ ਚੱਕ ਸਮਾਣਾ ਦਾ 3 ਸਾਲਾ ਮਾਸੂਮ ਬੱਚਾ ਗੁਰਕਰਣ ਸਿੰਘ, ਜੋ ਖੇਡਦੇ ਸਮੇਂ ਖੇਤਾਂ ਵਿੱਚ ਬਣੇ ਬੋਰਵੈੱਲ ਵਿੱਚ ਡਿੱਗ ਗਿਆ ਸੀ, ਨੂੰ ਗੰਭੀਰ ਹਾਲਤ ਵਿੱਚ ਤੁਰੰਤ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਸੀ। ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਪਹਿਲ ਦੇ ਆਧਾਰ ’ਤੇ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।

ਹਸਪਤਾਲ ਪਹੁੰਚਦੇ ਹੀ ਡਾਕਟਰਾਂ ਦੀ ਟੀਮ ਵੱਲੋਂ ਬੱਚੇ ਦੀ ਤੁਰੰਤ ਮੈਡੀਕਲ ਜਾਂਚ ਕੀਤੀ ਗਈ ਅਤੇ ਉਸ ਦੀ ਸਥਿਤੀ ਨੂੰ ਦੇਖਦੇ ਹੋਏ ਲੋੜੀਂਦਾ ਇਲਾਜ ਸ਼ੁਰੂ ਕੀਤਾ ਗਿਆ। ਬੱਚੇ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਹਰ ਪਲ ਉਸ ਨੂੰ ਲੋੜੀਂਦੀ ਮੈਡੀਕਲ ਸਹਾਇਤਾ, ਦਵਾਈਆਂ ਅਤੇ ਦੇਖਭਾਲ ਪ੍ਰਦਾਨ ਕੀਤੀ ਗਈ। ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ ਅਤੇ ਹੋਰ ਸਿਹਤ ਕਰਮਚਾਰੀਆਂ ਵੱਲੋਂ ਪੂਰੀ ਮਿਹਨਤ, ਸਮਰਪਣ ਅਤੇ ਸਾਵਧਾਨੀ ਨਾਲ ਬੱਚੇ ਦੀ ਸੰਭਾਲ ਕੀਤੀ ਗਈ, ਜਿਸ ਕਾਰਨ ਉਸ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਆਉਂਦਾ ਰਿਹਾ।

ਸਿਵਲ ਸਰਜਨ ਡਾ. ਮਨਦੀਪ ਕਮਲ ਖੁਦ ਹਸਪਤਾਲ ਪਹੁੰਚੇ ਅਤੇ ਬੱਚੇ ਦਾ ਹਾਲ-ਚਾਲ ਜਾਣਿਆ

ਇਸ ਦੌਰਾਨ ਸਿਵਲ ਸਰਜਨ ਡਾ. ਮਨਦੀਪ ਕਮਲ ਖੁਦ ਹਸਪਤਾਲ ਪਹੁੰਚੇ ਅਤੇ ਬੱਚੇ ਦਾ ਹਾਲ-ਚਾਲ ਜਾਣਿਆ। ਉਹਨਾਂ ਡਾਕਟਰਾਂ ਅਤੇ ਸਟਾਫ ਨਾਲ ਇਲਾਜ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚੇ ਦੇ ਇਲਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਹਨਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਹੌਸਲਾ ਦਿੰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਡਾ. ਮਨਦੀਪ ਕਮਲ ਨੇ ਕਿਹਾ ਕਿ ਇਹ ਬੱਚੇ ਦਾ “ਦੂਜਾ ਜਨਮ” ਹੈ ਅਤੇ ਡਾਕਟਰਾਂ ਦੀ ਟੀਮ ਦੀ ਮਿਹਨਤ, ਸਮੇਂ ਸਿਰ ਮਿਲੇ ਇਲਾਜ ਅਤੇ ਵਾਹਿਗੁਰੂ ਦੀ ਮੇਹਰ ਸਦਕਾ ਬੱਚਾ ਪੂਰੀ ਤਰ੍ਹਾਂ ਸਿਹਤਯਾਬ ਹੋਇਆ ਹੈ।

ਕੁਝ ਦਿਨਾਂ ਤੱਕ ਚੱਲੇ ਇਲਾਜ ਅਤੇ ਡਾਕਟਰਾਂ ਦੀ ਵਿਸ਼ੇਸ਼ ਦੇਖਭਾਲ ਤੋਂ ਬਾਅਦ ਜਦੋਂ ਬੱਚਾ ਪੂਰੀ ਤਰ੍ਹਾਂ ਸਿਹਤਯਾਬ ਹੋ ਗਿਆ ਤਾਂ ਹਸਪਤਾਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ, ਡਾਕਟਰਾਂ ਅਤੇ ਸਟਾਫ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਅਤੇ ਗੁਰਕਰਣ ਸਿੰਘ ਨੂੰ ਗਿਫ਼ਟ ਭੇਟ ਕਰਕੇ ਉਸ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਉਪਰੰਤ ਬੱਚੇ ਨੂੰ ਖੁਸ਼ੀ-ਖੁਸ਼ੀ ਉਸ ਦੇ ਪਰਿਵਾਰ ਸਮੇਤ ਘਰ ਜਾਣ ਲਈ ਆਗਿਆ ਦਿੱਤੀ ਗਈ।

ਇਸ ਮੌਕੇ ਐਸ.ਐਮ.ਓ ਡਾ. ਨਵਜੋਤ ਸਿੰਘ, ਐਸ.ਐਮ.ਓ ਡਾ. ਨੇਹਾ ਪਾਲ, ਮਾਸ ਮੀਡੀਆ ਅਫਸਰ ਤਰਸੇਮ ਲਾਲ, ਚਾਈਲਡ ਸਪੈਸ਼ਲਿਸਟ ਡਾ. ਰਣਵੀਰ ਕੌਰ, ਡਾ. ਨਿਤਿਨ ਗੰਗਡ ਅਤੇ ਚੀਫ ਫਾਰਮਾਸਿਸਟ ਜਤਿੰਦਰ ਸਿੰਘ ਵੀ ਹਾਜ਼ਰ ਸਨ। ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ ਅਤੇ ਸਿਹਤ ਵਿਭਾਗ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਸਮੇਂ ਸਿਰ ਮਿਲੇ ਇਲਾਜ, ਡਾਕਟਰਾਂ ਦੀ ਮਿਹਨਤ ਅਤੇ ਲਗਾਤਾਰ ਦੇਖਭਾਲ ਕਾਰਨ ਹੀ ਉਹਨਾਂ ਦਾ ਬੱਚਾ ਸੁਰੱਖਿਅਤ ਅਤੇ ਸਿਹਤਮੰਦ ਹੋ ਸਕਿਆ ਹੈ।

By admin

Related Post