Breaking
Tue. Jul 15th, 2025

ਭਾਮ-ਜੱਲੋਵਾਲ-ਸੈਦਪੁਰ ਵਿੱਚ 1.15 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ 18 ਫੁੱਟ ਚੌੜੀ ਨਵੀਂ ਸੀਮੈਂਟ ਕੰਕਰੀਟ ਸੜਕ : ਵਿਧਾਇਕ ਡਾ. ਈਸ਼ਾਂਕ

ਭਾਮ-ਜੱਲੋਵਾਲ-ਸੈਦਪੁਰ

ਹੁਸ਼ਿਆਰਪੁਰ, 21 ਜੂਨ ( ਤਰਸੇਮ ਦੀਵਾਨਾ ) ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਇਕ ਹੋਰ ਮਹੱਤਵਪੂਰਨ ਯੋਜਨਾ ਨੂੰ ਹਰੀ ਝੰਡੀ ਮਿਲ ਗਈ ਹੈ। ਵਿਧਾਇਕ ਡਾ. ਈਸ਼ਾਂਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭਾਮ-ਜੱਲੋਵਾਲ ਤੋਂ ਲੈ ਕੇ ਭਾਮ-ਸੈਦਪੁਰ ਰੋਡ ਤੱਕ ਦੀ ਫਿਰਨੀ ਦੀ ਸੜਕ ਹੁਣ ਸੀਮੈਂਟ ਕੰਕਰੀਟ ਨਾਲ ਬਣਾਈ ਜਾਵੇਗੀ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਹਤ ਮਿਲੇਗੀ। ਡਾ. ਈਸ਼ਾਂਕ ਨੇ ਦੱਸਿਆ ਕਿ ਇਹ ਸੜਕ ਜੋ ਪਿੰਡ ਭਾਮ ਦੀ ਫਿਰਨੀ ਨੂੰ ਜੋੜਦੀ ਹੈ, 18 ਫੁੱਟ ਚੌੜੀ ਬਣਾਈ ਜਾਵੇਗੀ ਅਤੇ ਇਸ ਵਿੱਚ ਸੀਮੈਂਟ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਇਹ ਸੜਕ ਲੰਬੇ ਸਮੇਂ ਤੱਕ ਟਿਕਾਊ ਰਹੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਕੁੱਲ 1 ਕਰੋੜ 15 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ ਅਤੇ ਨਿਰਮਾਣ ਕੰਮ ਇਕ ਹਫਤੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।

ਸਾਡੀ ਸਰਕਾਰ ਪਿੰਡਾਂ ਨੂੰ ਵੀ ਸ਼ਹਿਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ

ਡਾ. ਈਸ਼ਾਂਕ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਨਾ ਸਿਰਫ਼ ਪਿੰਡ ਵਾਸੀਆਂ ਨੂੰ ਆਵਾਜਾਈ ਵਿਚ ਸੌਖਾ ਹੋਵੇਗਾ, ਸਗੋਂ ਇਲਾਕੇ ਦੇ ਵਪਾਰ ਅਤੇ ਖੇਤੀਬਾੜੀ ਕੰਮਾਂ ਵਿੱਚ ਵੀ ਆਸਾਨੀ ਹੋਵੇਗੀ। ਉਨ੍ਹਾਂ ਕਿਹਾ, “ਸਾਡੀ ਸਰਕਾਰ ਪਿੰਡਾਂ ਨੂੰ ਵੀ ਸ਼ਹਿਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਹ ਸੜਕ ਇਲਾਕੇ ਦੇ ਲੋਕਾਂ ਲਈ ਵੱਡੀ ਭੇਟ ਸਾਬਤ ਹੋਵੇਗੀ। ਡਾ. ਈਸ਼ਾਂਕ ਨੇ ਇਸ ਯੋਜਨਾ ਨੂੰ ਮਨਜ਼ੂਰੀ ਦਿਲਵਾਉਣ ਅਤੇ ਬੱਜਟ ਜਾਰੀ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਡਾ. ਈਸ਼ਾਂਕ ਨੇ ਸਾਫ ਕੀਤਾ ਕਿ ਇਸ ਸੜਕ ਨਿਰਮਾਣ ਨਾਲ ਸੰਬੰਧਤ ਸਾਰੇ ਕੰਮ ਨਿਯਮਾਂ ਅਤੇ ਮਾਪਦੰਡਾਂ ਦੇ ਅਨੁਸਾਰ ਕੀਤੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਸੰਬੰਧ ਵਿੱਚ ਸੰਸਦ ਮੈਂਬਰ ਡਾ. ਰਾਜਕੁਮਾਰ ਨੇ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਪਿੰਡ ਵਾਸੀਆਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਸਨ, ਉਹ ਸਾਡੇ ਧਿਆਨ ਵਿੱਚ ਸਨ ਅਤੇ ਸਾਡੇ ਯਤਨ ਲਗਾਤਾਰ ਚੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਸੜਕ ਬਣਾਉਣ ਦੀ ਮਨਜ਼ੂਰੀ ਪਹਿਲਾਂ ਆਮ ਲੁੱਕ ਵਾਲੀ ਸੜਕ ਲਈ ਮਿਲੀ ਸੀ ਅਤੇ ਉਸ ਦਾ ਟੈਂਡਰ ਵੀ ਪਾਸ ਹੋ ਗਿਆ ਸੀ, ਪਰ ਮੈਨੂੰ ਇਹ ਵੀ ਪਤਾ ਸੀ ਕਿ ਫਿਰਨੀ ਦੀ ਲੁੱਕ ਵਾਲੀ ਸੜਕ ਟਿਕਾਊ ਨਹੀਂ ਹੋਵੇਗੀ ਕਿਉਂਕਿ ਪਿੰਡ ਭਾਮ ਦੇ ਬਰਸਾਤੀ ਪਾਣੀ ਦੀ ਨਿਕਾਸੀ ਵੀ ਇਸੇ ਰਾਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਜਾਣਕਾਰੀ ਆਪਣੇ ਹਲਕੇ ਵਾਸੀਆਂ ਨਾਲ ਸਾਂਝੀ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਹੁਣ ਇਹ ਸੜਕ ਸੀਮੈਂਟ ਕੰਕਰੀਟ ਦੀ ਬਣੇਗੀ ਜੋ ਲੰਮੇ ਸਮੇਂ ਤੱਕ ਟਿਕਾਊ ਰਹੇਗੀ।ਇਸ ਯੋਜਨਾ ਦੀ ਮਨਜ਼ੂਰੀ ਦੀ ਖ਼ਬਰ ਤੋਂ ਪਿੰਡਾਂ ਵਿੱਚ ਵੀ ਖ਼ੁਸ਼ੀ ਦੀ ਲਹਿਰ ਹੈ।

By admin

Related Post