ਪਾਸਿੰਗ-ਆਊਟ ਪਰੇਡ ਨਵੇਂ ਕਾਂਸਟੇਬਲਾਂ ਦੇ ਕਰੀਅਰ ਦੀ ਸ਼ੁਰੂਆਤ ਦਾ ਪ੍ਰਤੀਕ : ਕਮਾਂਡੈਂਟ ਮਨਦੀਪ ਸਿੰਘ
ਟ੍ਰੇਨਿੰਗ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਮਰਪਣ ਤੇ ਇਮਾਨਦਾਰੀ ਨਾਲ ਸਮਾਜ ਸੇਵਾ ਕਰਨ ਕਰਨ ਦੀ ਕੀਤੀ ਅਪੀਲ
ਜਲੰਧਰ 7 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਚੰਡੀਗੜ੍ਹ ਪੁਲਿਸ ਦੇ ਰਿਕਰੂਟ ਬੈਚ ਨੰਬਰ 181 ਦੇ 48 ਪੁਰਸ਼ ਅਤੇ 38 ਮਹਿਲਾ ਸਮੇਤ 86 ਰਿਕਰੂਟ ਸਿਪਾਹੀ ਅੱਜ ਆਪਣੀ ਮੁੱਢਲੀ ਸਿਖ਼ਲਾਈ ਸਫ਼ਲਤਾਪੂਰਵਕ ਮੁਕੰਮਲ ਕਰਨ ਉਪਰੰਤ ਪਾਸ ਆਊਟ ਹੋ ਗਏ। ਇਸ ਮੌਕੇ ਪਾਸਿੰਗ ਆਊਟ ਪਰੇਡ ਬਹੁਤ ਹੀ ਉਤਸ਼ਾਹ ਨਾਲ ਕਰਵਾਈ ਗਈ, ਜਿਸ ਵਿਚ ਨਵੇਂ ਅਫ਼ਸਰਾਂ ਦੇ ਅਨੁਸ਼ਾਸਨ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਗਿਆ।
ਮੁੱਖ ਮਹਿਮਾਨ ਕਮਾਂਡੈਂਟ (ਟ੍ਰੇਨਿੰਗ) ਮਨਦੀਪ ਸਿੰਘ ਗਿੱਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। ਉਨ੍ਹਾਂ ਨੇ ਟ੍ਰੇਨਿੰਗ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਬਿਨਾਂ ਕਿਸੇ ਪੱਖਪਾਤ ਅਤੇ ਅਨੁਸ਼ਾਸਨ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਕਮਾਂਡੈਂਟ ਨੇ ਉਨ੍ਹਾਂ ਨੂੰ ਪੁਲਿਸ ਫੋਰਸ ਅਤੇ ਸਮਾਜ ਲਈ ਸਕਾਰਾਤਮਕ ਯੋਗਦਾਨ ਦਿੰਦਿਆਂ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।
ਸਿਖਲਾਈ ਦੌਰਾਨ, ਸਿਖਿਆਰਥੀਆਂ ਨੂੰ ਆਊਟਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਵਿਆਪਕ ਸਿਖ਼ਲਾਈ ਪ੍ਰਦਾਨ ਕੀਤੀ ਗਈ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਮਹਿਲਾ ਰਿਕਰੂਟ ਸਿਪਾਹੀ ਸੋਨੀਆ (ਆਲ ਰਾਊਂਡ ਫਸਟ ਅਤੇ ਸੈਕਿੰਡ ਪਰੇਡ ਕਮਾਂਡਰ) ਮਹਿਲਾ ਰਿਕਰੂਟ ਸਿਪਾਹੀ ਜਯੋਤੀ (ਆਊਟਡੋਰ ਟ੍ਰੇਨਿੰਗ ਵਿੱਚ ਅੱਵਲ) ਮਹਿਲਾ ਰਿਕਰੂਟ ਸਿਪਾਹੀ ਪ੍ਰੀਤੀ (ਇਨਡੋਰ ਟ੍ਰੇਨਿੰਗ ਵਿੱਚ ਅੱਵਲ), ਰਿਕਰੂਟ ਸਿਪਾਹੀ ਸੁਖਦੀਪ ਸਿੰਘ (ਸ਼ੂਟਿੰਗ ਵਿੱਚ ਸਰਬਓਤਮ) ਅਤੇ ਮਹਿਲਾ ਰਿਕਰੂਟ ਸਿਪਾਹੀ ਸ਼ਿਖਾ (ਪਰੇਡ ਕਮਾਂਡਰ) ਨੂੰ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਐਵਾਰਡ ਦਿੱਤੇ ਗਏ।
ਇਸ ਦੌਰਾਨ ਬੈਂਡ, ਬਿਨਾਂ ਹਥਿਆਰਾਂ ਤੋਂ ਲੜਾਈ, ਰੱਸਾਕਸ਼ੀ ਅਤੇ ਭੰਗੜੇ ਸਮੇਤ ਹੋਰ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਚਾਰ ਚੰਨ੍ਹ ਲਾ ਦਿੱਤੇ। ਸਮਾਰੋਹ ਵਿੱਚ ਸੀਨੀਅਰ ਪੁਲਿਸ ਅਧਿਕਾਰੀ, ਸੇਵਾਮੁਕਤ ਅਧਿਕਾਰੀ, ਟ੍ਰੇਨਿੰਗ ਸੈਂਟਰ ਸਟਾਫ਼ ਅਤੇ ਪਾਸ ਆਊਟ ਹੋਣ ਵਾਲੇ ਰਿਕਰੂਟਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।