Breaking
Thu. Nov 19th, 2026

ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਵੱਲੋਂ ਰੈਵੀਨਿਊ ਅਦਾਲਤਾਂ ਦਾ ਕੰਮਕਾਜ ਅਣਮਿੱਥੇ ਸਮੇਂ ਲਈ ਠੱਪ

ਬਾਰ ਐਸੋਸੀਏਸ਼ਨ

ਦਸੂਆ ਵਿਖੇ ਨਿਯੁਕਤ ਵਧੀਕ ਡਿਪਟੀ ਕਮਿਸ਼ਨਰ ਨੂੰ ਹੁਸ਼ਿਆਰਪੁਰ ਦੇ ਕੇਸ ਨਾ ਭੇਜਣ ਅਤੇ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਕਮਿਸ਼ਨਰ ਦੀ ਦੋ ਰੋਜ਼ਾ ਕੈਂਪ ਕੋਰਟ ਲਗਾਉਣ ਦੀ ਮੰਗ

ਹੁਸ਼ਿਆਰਪੁਰ, 19 ਨਵੰਬਰ (ਤਰਸੇਮ ਦੀਵਾਨਾ) – ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਦੀ ਅਗਵਾਈ ਹੇਠ ਵਕੀਲਾਂ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਵਕੀਲ ਭਾਈਚਾਰੇ ਨੇ ਦਸੂਹਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਸਬੰਧੀ ਆਪਣੀਆਂ ਮੰਗਾਂ ਉਠਾਉਂਦਿਆਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਚੱਲ ਰਹੇ ਰੈਵੀਨਿਊ ਅਦਾਲਤਾਂ ਦੇ ਕੇਸ ਦਸੂਹਾ ਵਿਖੇ ਤਬਦੀਲ ਨਾ ਕੀਤੇ ਜਾਣ ਅਤੇ ਉਨ੍ਹਾਂ ਦੀ ਸੁਣਵਾਈ ਪਹਿਲਾਂ ਵਾਂਗ ਹੁਸ਼ਿਆਰਪੁਰ ਵਿਖੇ ਹੀ ਕੀਤੀ ਜਾਵੇ।

ਇਸ ਤੋਂ ਇਲਾਵਾ ਵਫ਼ਦ ਨੇ ਮੰਗ ਕੀਤੀ ਕਿ ਜ਼ਿਲ੍ਹਾ ਹੈੱਡਕੁਆਰਟਰ ਹੁਸ਼ਿਆਰਪੁਰ ਵਿਖੇ ਕਮਿਸ਼ਨਰ ਜਲੰਧਰ ਡਿਵੀਜ਼ਨ ਦੀ ਦੋ ਦਿਨਾਂ ਲਈ ਕੈਂਪ ਕੋਰਟ ਲਗਾਈ ਜਾਵੇ, ਤਾਂ ਜੋ ਵਕੀਲਾਂ ਅਤੇ ਆਮ ਲੋਕਾਂ ਨੂੰ ਆਪਣੇ ਕੇਸਾਂ ਦੀ ਪੈਰਵੀ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਸੌਂਪਿਆ ਗਿਆ ਮੰਗ ਪੱਤਰ ਤੁਰੰਤ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਜਾਵੇਗਾ।

ਇਸ ਮੌਕੇ ਬਾਰ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਹੁਸ਼ਿਆਰਪੁਰ ਦੀਆਂ ਸਾਰੀਆਂ ਰੈਵੀਨਿਊ ਅਦਾਲਤਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਵਕੀਲ ਭਾਈਚਾਰੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਵੱਡੇ ਪੱਧਰ ’ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਅਤੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਪੁਨੀਤ ਇੰਦਰ ਸਿੰਘ ਕੰਗ, ਮੀਤ ਪ੍ਰਧਾਨ ਮਾਨਿਕ ਡੋਗਰਾ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਬਾਰ ਕੌਂਸਲ ਮੈਂਬਰ ਐਡਵੋਕੇਟ ਰਜਨੀ ਨੰਦਾ, ਸਾਬਕਾ ਜਨਰਲ ਸਕੱਤਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਸਾਬਕਾ ਮੀਤ ਪ੍ਰਧਾਨ ਵਿਕਰਮ ਸਿੰਘ, ਅਭਿਨਵ ਮਹਿੰਦਰੂ, ਵਿਕਲਪ ਵਤਸ, ਤਾਜਪ੍ਰੀਤ ਸਿੰਘ ਕੰਗ, ਅਭਿਨੰਦਨ ਸ਼ਰਮਾ, ਪ੍ਰੀਤੀ ਜੱਸਲ, ਐਡਵੋਕੇਟ ਵਰਿੰਦਰ ਹੀਰਾ, ਨਿਰਵੈਰ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।

By admin

Related Post