ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਹਰ ਸਲੋਕ ਵਿੱਚ “ਚਮਾਰ” ਸ਼ਬਦ ਦੀ ਵਰਤੋ ਕੀਤੀ ਹੈ : ਬੀਰਪਾਲ ਠਰੋਲੀ, ਨੇਕੂ ਅਜਨੋਹਾ, ਹੈਪੀ ਫਤਿਹਗੜ੍ਹ
ਹੁਸ਼ਿਆਰਪੁਰ, 1 ਸਤੰਬਰ ( ਤਰਸੇਮ ਦੀਵਾਨਾ ) – ਹਰਿਆਣਾ ਸਟੇਂਟ ਵਿੱਚ ਜਾਤੀ ਪ੍ਰਮਾਣ-ਪੱਤਰ (ਕਾਸਟ ਸਰਟੀਫਿਕੇਟ) ਵਿੱਚ ‘ਚਮਾਰ’ ਸ਼ਬਦ ਦੀ ਜਗ੍ਹਾ ‘ਮੇਘਵਾਲ’ ਲਿਖੇ ਜਾਣ ਦੇ ਮੁੱਦੇ ਨੂੰ ਲੈ ਕੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸੇ ਮੁੱਦੇ ਨੂੰ ਲੈ ਕੇ ਬੇਗਮਪੁਰਾ ਟਾਈਗਰ ਫੋਰਸ ਦੇ ਕਾਰਕੁਨਾਂ ਨੇ ਹਰਿਆਣਾ ਸਟੇਂਟ ਦੀ ਸਰਕਾਰ ਦੇ ਖ਼ਿਲਾਫ਼ ਨਾਰਾਜ਼ਗੀ ਜਤਾਈ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਇਸ ਸਬੰਧ ਵਿੱਚ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।
ਇਸ ਪੂਰੇ ਮਾਮਲੇ ਸਬੰਧੀ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ‘ਚਮਾਰ’ ਸ਼ਬਦ ਕੋਈ ਗਾਲ੍ਹ ਨਹੀਂ ਹੈ, ਸਗੋਂ ਇੱਕ ਸਤਿਕਾਰਯੋਗ ਇਤਿਹਾਸਕ ਬਿਰਾਦਰੀ ਦਾ ਨਾਮ ਹੈ। ਜਦੋਂ ਹਰ ਬਿਰਾਦਰੀ ਦਾ ਵਿਅਕਤੀ ਆਪਣੇ ਆਪ ਨੂੰ ਬੜੇ ਮਾਣ ਅਤੇ ਸਤਿਕਾਰ ਨਾਲ ਆਪਣੀ ਜਾਤੀ ਦਾ ਨਾਮ ਲੈਂਦਾ ਹੈ, ਤਾਂ ਕੀ ਚਮਾਰ ਬਿਰਾਦਰੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਆਪਣੇ ਆਪ ਨੂੰ “ਚਮਾਰ” ਨਹੀਂ ਕਹਿ ਸਕਦੇ?
ਅਸੀਂ ਬੜੇ ਫ਼ਖ਼ਰ ਅਤੇ ਮਾਣ ਨਾਲ ਆਪਣੇ ਆਪ ਨੂੰ ਚਮਾਰ ਕਹਿੰਦੇ ਹਾਂ ਅਤੇ ਆਪਣੇ ਆਪ ਨੂੰ ਚਮਾਰ ਕਹਿ ਕੇ ਮਾਣ ਮਹਿਸੂਸ ਕਰਦੇ ਹਾਂ । ਆਗੂਆਂ ਨੇ ਕਿਹਾ ਕਿ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸਲੋਕ ਦਰਜ ਹਨ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਲੋਕਾਂ ਵਿੱਚ ਹਰੇਕ ਸਲੋਕ ਵਿੱਚ ‘ਚਮਾਰ’ ਸ਼ਬਦ ਵਰਤਿਆ ਹੈ। ਇਸ ਕਰਕੇ ਚਮਾਰ ਸਮਾਜ ਆਪਣੇ ਆਪ ਨੂੰ ਚਮਾਰ ਕਹਿਣ ਵਿੱਚ ਬਹੁਤ ਮਾਣ ਮਹਿਸੂਸ ਕਰਦਾ ਹੈ। ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹਰਿਆਣਾ ਸਟੇਟ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜਾਤੀ ਪ੍ਰਮਾਣ-ਪੱਤਰਾਂ ਵਿੱਚੋਂ ਚਮਾਰ ਸ਼ਬਦ ਨੂੰ ਬਦਲਣ ਦੀ ਗ਼ਲਤੀ ਨਾ ਕੀਤੀ ਜਾਵੇ।
ਬੇਗਮਪੁਰਾ ਟਾਈਗਰ ਫੋਰਸ ਦਾ ਤਰਕ ਹੈ ਕਿ ਚਮਾਰ ਸ਼ਬਦ ਨੂੰ ਕੇਵਲ ਜਾਤੀਸੂਚਕ ਸ਼ਬਦ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਦਾ ਗਹਿਰਾ ਇਤਿਹਾਸਕ ਅਤੇ ਸਮਾਜਿਕ ਸੰਦਰਭ ਹੈ। ਬੇਗਮਪੁਰਾ ਟਾਈਗਰ ਫੋਰਸ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਵਿਸ਼ੇ ‘ਤੇ ਸਬੰਧਤ ਸਮਾਜ ਦੇ ਵੱਖ-ਵੱਖ ਸੰਗਠਨਾਂ ਅਤੇ ਪ੍ਰਤੀਨਿਧਾਂ ਨਾਲ ਗੱਲਬਾਤ ਕਰੇ। ਆਗੂਆਂ ਨੇ ਦੁਹਰਾਇਆ ਕਿ ਇਹ ਕੇਵਲ ਕਿਸੇ ਇੱਕ ਸ਼ਬਦ ਦਾ ਵਿਵਾਦ ਨਹੀਂ ਹੈ, ਸਗੋਂ ਸਮਾਜ ਦੀ ਪਛਾਣ, ਸਨਮਾਨ ਅਤੇ ਇਤਿਹਾਸ ਨਾਲ ਜੁੜਿਆ ਵਿਸ਼ਾ ਹੈ ਅਤੇ ਇਸ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

