Breaking
Tue. Oct 27th, 2026

ਢੋਲਣਵਾਲ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੁੰਦਰ ਸ਼ਾਮ ਅਰੋੜਾ ਨੇ ਭਰੀ ਹੁੰਕਾਰ, ਕਾਂਗਰਸ ਸਰਕਾਰ ਬਣਨ ’ਤੇ ਹੱਲ ਦਾ ਭਰੋਸਾ

ਢੋਲਣਵਾਲ

ਖਸਤਾ ਹਾਲ ਸੜਕ ਅਤੇ ਪਬਲਿਕ ਟਰਾਂਸਪੋਰਟ ਦੀ ਘਾਟ ਦਾ ਮੁੱਦਾ ਉੱਠਿਆ, ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੇ ਸਹੂਲਤਾਂ ਦੀ ਕੀਤੀ ਮੰਗ

ਹੁਸ਼ਿਆਰਪੁਰ, 27 ਅਕਤੂਬਰ ( ਤਰਸੇਮ ਦੀਵਾਨਾ ) – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਪਿੰਡ ਢੋਲਣਵਾਲ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਪਿੰਡ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਪਿੰਡ ਵਾਸੀਆਂ ਨੇ ਖਸਤਾ ਹਾਲ ਸੜਕ ਅਤੇ ਜਨਤਕ ਆਵਾਜਾਈ ਦੀ ਘਾਟ ਦਾ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਪਿੰਡ ਨੂੰ ਬਿਹਤਰ ਸੜਕੀ ਸੰਪਰਕ ਦੇ ਨਾਲ-ਨਾਲ ਬੱਸ ਅਤੇ ਆਟੋ ਰੂਟ ਨਾਲ ਵੀ ਜੋੜਿਆ ਜਾਵੇ, ਤਾਂ ਜੋ ਲੋਕਾਂ ਨੂੰ ਸ਼ਹਿਰ ਆਉਣ-ਜਾਣ ਵਿੱਚ ਦਰਪੇਸ਼ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।

ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨੂੰ ਆਉਣ ਵਾਲੀ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ, ਬੱਸ ਅਤੇ ਆਟੋ ਦੀ ਸਹੂਲਤ ਨਾ ਹੋਣ ਕਾਰਨ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਹੋਰਨਾਂ ਪਿੰਡ ਵਾਸੀਆਂ ਲਈ ਸ਼ਹਿਰ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਤਾਂ ਜੋ ਪਿੰਡ ਵਾਸੀਆਂ ਨੂੰ ਵੀ ਬਿਹਤਰ ਬੁਨਿਆਦੀ ਸਹੂਲਤਾਂ ਮਿਲ ਸਕਣ।

ਸੁੰਦਰ ਸ਼ਾਮ ਅਰੋੜਾ ਨੇ ਦਿੱਤਾ ਭਰੋਸਾ—ਕਾਂਗਰਸ ਸਰਕਾਰ ਬਣਦਿਆਂ ਹੀ ਪਹਿਲ ਦੇ ਆਧਾਰ ’ਤੇ ਹੱਲ ਹੋਣਗੀਆਂ ਸਮੱਸਿਆਵਾਂ

ਇਸ ਮੌਕੇ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਅਤੇ ਜਨਤਕ ਆਵਾਜਾਈ ਦੀ ਘਾਟ ਵਰਗੀਆਂ ਸਮੱਸਿਆਵਾਂ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਉਠਾਇਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਸ਼ਹਿਰ ਤੱਕ ਪਹੁੰਚਣਾ ਆਸਾਨ ਬਣਾਇਆ ਜਾ ਸਕੇ।

ਮੀਟਿੰਗ ਦੌਰਾਨ ਪਿੰਡ ਦੇ ਵਿਕਾਸ, ਬਿਹਤਰ ਸੜਕੀ ਸਹੂਲਤਾਂ ਅਤੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਚਰਚਾ ਕੀਤੀ ਗਈ।

ਇਸ ਮੌਕੇ ਵਰਿੰਦਰ ਕੁਮਾਰ ਸਾਬਕਾ ਸਰਪੰਚ, ਆਤਮਾ ਰਾਮ ਸਾਬਕਾ ਸਰਪੰਚ, ਕੁੰਦਨ ਸਿੰਘ ਪੰਚ, ਜਰਨੈਲ ਚੰਦ ਪੰਚ, ਜਿੰਦਰ ਕੁਮਾਰ, ਸਰਦੇਵ ਸਿੰਘ, ਨਿਰਮਲ ਕੌਰ, ਕਸ਼ਮੀਰ ਕੌਰ ਅਤੇ ਕਮਲਾ ਰਾਣੀ ਸਮੇਤ ਪਿੰਡ ਢੋਲਣਵਾਲ ਦੇ ਹੋਰ ਵਸਨੀਕ ਵੀ ਹਾਜ਼ਰ ਸਨ।

By admin

Related Post