Breaking
Tue. Oct 27th, 2026

ਸ਼ਾਮ ਚੁਰਾਸੀ ਵਿੱਚ ਵਿਸ਼ਾਲ ਰੂਹਾਨੀ ਵਾਲਮੀਕਿ ਸਤਿਸੰਗ ਸਮਾਗਮ ਸਫਲਤਾਪੂਰਵਕ ਸੰਪੰਨ, ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਭਰੀ ਹਾਜ਼ਰੀ

ਵਾਲਮੀਕਿ ਸਤਿਸੰਗ

ਹੁਸ਼ਿਆਰਪੁਰ /ਸ਼ਾਮ ਚੁਰਾਸੀ, 26 ਅਕਤੂਬਰ (ਤਰਸੇਮ ਦੀਵਾਨਾ ) — ਭਗਵਾਨ ਵਾਲਮੀਕਿ ਨੌਜਵਾਨ ਸਭਾ, ਸ਼ਾਮ ਚੁਰਾਸੀ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਗਵਾਨ ਵਾਲਮੀਕਿ ਮੰਦਰ, ਮੁਹੱਲਾ ਬੋਹੜ ਵਾਲਾ, ਮੇਨ ਬਾਜ਼ਾਰ ਵਿਖੇ ਕਰਵਾਇਆ ਗਿਆ ਵਿਸ਼ਾਲ ਰੂਹਾਨੀ ਸਤਿਸੰਗ ਸਮਾਗਮ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਸਭਾ ਵੱਲੋਂ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਕੌਮੀ ਕੀਰਤਨੀ ਜੱਥਾ ਗੁਰੂ ਸੇਵਕ ਕੀਰਤਨੀ ਜੱਥਾ, ਬਹਿਰਾਮ ਸਰਿਸ਼ਤਾ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਪੂਰੇ ਸਮਾਗਮ ਦੌਰਾਨ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।

ਇਸ ਮੌਕੇ ਸਾਬਕਾ ਵਿਧਾਇਕ ਪਵਨ ਆਦਿਆ, ਆਦਿ ਵਾਲਮੀਕਿ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਅਤੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਭਾਰਤ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮਾਗਮ ਦੀ ਸਫਲਤਾ ਲਈ ਸੰਗਤਾਂ, ਸੰਤ-ਮਹਾਪੁਰਖਾਂ, ਕੀਰਤਨੀ ਜੱਥੇ ਅਤੇ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਸੰਗਤਾਂ ਨੂੰ ਰੂਹਾਨੀ ਮਾਰਗ ਨਾਲ ਜੋੜਨਾ ਹੈ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਰਹਿਣਗੇ।

ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ, ਵਿਚਾਰਾਂ ਅਤੇ ਮਹਾਨ ਰਚਨਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ

ਇਸ ਦੌਰਾਨ ਸਾਬਕਾ ਵਿਧਾਇਕ ਪਵਨ ਆਦਿਆ, ਆਦਿ ਵਾਲਮੀਕਿ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਅਤੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਭਾਰਤ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲ ਆਦਿ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਮਹਾਨ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਨੀਆ ਦੇ ਪਹਿਲੇ ਆਦਿ ਕਵੀ ਅਤੇ ਸੰਸਕ੍ਰਿਤ ਦੇ ਮਹਾਨ ਕਵੀ ਸਨ। ਉਨ੍ਹਾਂ ਨੇ ਰਾਮਾਇਣ ਵਰਗੇ ਮਹਾਨ ਗ੍ਰੰਥ ਦੀ ਰਚਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਸੱਚਾਈ, ਮਰਿਆਦਾ ਅਤੇ ਨੇਕ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ, ਵਿਚਾਰਾਂ ਅਤੇ ਮਹਾਨ ਰਚਨਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੇ ਜੀਵਨ ਅਤੇ ਸੰਦੇਸ਼ ਤੋਂ ਪ੍ਰੇਰਨਾ ਲੈ ਸਕਣ।

ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਵਿੱਚ ਬਰਾਬਰੀ, ਸਿੱਖਿਆ, ਅਧਿਕਾਰਾਂ ਅਤੇ ਸਵੈ-ਮਾਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਸੰਗਤਾਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ, ਸਿੱਖਿਆ ਨੂੰ ਮਹੱਤਵ ਦੇਣ ਅਤੇ ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਭਾ ਦੇ ਚੇਅਰਮੈਨ ਸੰਨੀ ਗਿੱਲ, ਬੁੱਧੀਜੀਵੀ ਸੈੱਲ ਦੇ ਚੇਅਰਮੈਨ ਲੱਕੀ ਸੋਂਦੀ, ਵਾਈਸ ਚੇਅਰਮੈਨ ਸ਼ਿੰਦੂ ਮੱਟੂ, ਪ੍ਰਧਾਨ ਦੀਪਕ ਮੱਟੂ, ਵਾਈਸ ਪ੍ਰਧਾਨ ਮਾਨਵ ਮੱਟੂ, ਵਾਰਡ ਨੰਬਰ 1 ਦੇ ਪ੍ਰਧਾਨ ਸੰਜੀਵ ਥਾਪਰ, ਬਾਬਾ ਸਾਬੀ ਸ਼ਾਹ ਗੱਦੀਨਸ਼ੀਨ ਬਾਂਸਾਂ ਵਾਲੀ ਸਰਕਾਰ, ਅਮਿਤ ਗਿੱਲ, ਹਰਸ਼, ਰੋਹਿਤ, ਸੁਧੀਰ ਨਾਹਰ, ਅਜੈ ਥਾਪਰ, ਬਬਲੂ ਗਿੱਲ, ਬੱਬੋ, ਅਜੈ ਮੱਟੂ, ਨਵੀ ਕਲਿਆਣ, ਸੋਨੂੰ ਮੱਟੂ, ਚੰਦਨ ਨਾਹਰ, ਅਭੀ ਥਾਪਰ ਅਤੇ ਲੱਕੀ ਬੰਟੀ ਥਾਪਰ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

By admin

Related Post