Breaking
Wed. Sep 2nd, 2026

ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਉਤਾਰੇਗੀ ਆਪਣੇ ਉਮੀਦਵਾਰ : ਡਾ. ਰਾਜਿੰਦਰ ਗਿੱਲ

ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ

​ਰਵਾਇਤੀ ਪਾਰਟੀਆਂ ਨੇ ਹਮੇਸ਼ਾ ਐਸ.ਸੀ. ਸਮਾਜ ਨੂੰ ਸਿਰਫ਼ ਆਪਣੇ ਸਿਆਸੀ ਹਿੱਤਾਂ ਲਈ ਹੀ ਵਰਤਿਆ ਹੈ : ਪਾਰਟੀ

​ਹੁਸ਼ਿਆਰਪੁਰ, 2 ਸਤੰਬਰ (ਤਰਸੇਮ ਦੀਵਾਨਾ) – ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਰਜਿੰਦਰ ਗਿੱਲ ਨੇ ਇੱਕ ਮੁਲਾਕਾਤ ਦੌਰਾਨ ਚਿੰਤਾ ਪ੍ਰਗਟ ਕਰਦਿਆਂ ਐਲਾਨ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ 2027 ਦੀਆ ਚੋਣਾਂ ਵਿੱਚ ਪੰਜਾਬ ਦੇ ਹਰ ਇੱਕ ਹਲਕੇ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੂਬੇ ਅਤੇ ਦੇਸ਼ ਦੀ ਜਨਤਾ ਰਵਾਇਤੀ ਪਾਰਟੀਆਂ ਦੀਆਂ ਗ਼ਲਤ ਨੀਤੀਆਂ ਤੋਂ ਅੱਕ ਚੁੱਕੀ ਹੈ ਅਤੇ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ। ਇਸੇ ਬਦਲਾਅ ਦੀ ਲੜ੍ਹਾਈ ਨੂੰ ਅੱਗੇ ਵਧਾਉਂਦਿਆਂ ਪਾਰਟੀ ਨੇ ਹਰ ਹਲਕੇ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਪੱਕਾ ਮਨ ਬਣਾ ਲਿਆ ਹੈ ਤਾਂ ਜੋ ਲੋਕਾਂ ਨੂੰ ਇੱਕ ਸਾਫ਼-ਸੁਥਰਾ ਅਤੇ ਮਜ਼ਬੂਤ ​​ਸਿਆਸੀ ਬਦਲ ਮੁਹੱਈਆ ਕਰਵਾਇਆ ਜਾ ਸਕੇ।

​ਡਾ. ਰਾਜਿੰਦਰ ਗਿੱਲ ਨੇ ਅੱਗੇ ਦੱਸਿਆ ਕਿ ਇਸ ਮਕਸਦ ਦੀ ਪ੍ਰਾਪਤੀ ਲਈ ਪਾਰਟੀ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ, ਹਰ ਕਸਬੇ ਅਤੇ ਗ੍ਰਾਮੀਣ ਪੱਧਰ ‘ਤੇ ਪਿੰਡ-ਪਿੰਡ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਤੱਕ ਦੇਸ਼ ਜਾਂ ਸੂਬੇ ਦੀ ਕਿਸੇ ਵੀ ਰਵਾਇਤੀ ਪਾਰਟੀ ਨੇ ਐਸ.ਸੀ. ਸਮਾਜ ਨੂੰ ਕਦੇ ਵੀ ਦਿਲੋਂ ਅਪਣਾਇਆ ਨਹੀਂ ਹੈ, ਸਗੋਂ ਹਮੇਸ਼ਾ ਇਸ ਵਰਗ ਦੀ ਵੋਟ ਤਾਕਤ ਨੂੰ ਸਿਰਫ਼ ਆਪਣੇ ਸਿਆਸੀ ਸੁਆਰਥਾਂ ਅਤੇ ਹਿੱਤਾਂ ਨੂੰ ਪੂਰਾ ਕਰਨ ਲਈ ਹੀ ਵਰਤਿਆ ਗਿਆ ਹੈ। ਸਮਾਜ ਦੇ ਲੋਕ ਹੁਣ ਇਨ੍ਹਾਂ ਦੀਆਂ ਚਲਾਕੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।

​ਇਸ ਮੌਕੇ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦਾ ਦਾਇਰਾ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਰਗੇ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਵਿੱਚ ਵੀ ਪਾਰਟੀ ਦਾ ਵਿਸਥਾਰ ਬਹੁਤ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚੋਂ ਰਵਾਇਤੀ ਪਾਰਟੀਆਂ ਤੋਂ ਮਾਯੂਸ ਹੋ ਕੇ ਵੱਡੀ ਗਿਣਤੀ ਵਿੱਚ ਆਮ ਲੋਕ ਅਤੇ ਸੂਝਵਾਨ ਆਗੂ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਨਾਲ ਜੁੜ ਰਹੇ ਹਨ। ਪਾਰਟੀ ਨੂੰ ਮਿਲ ਰਿਹਾ ਇਹ ਭਰਵਾਂ ਹੁੰਗਾਰਾ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਆਉਣ ਵਾਲਾ ਸਮਾਂ ਇਨ੍ਹਾਂ ਨਵੀਆਂ ਅਤੇ ਲੋਕ-ਪੱਖੀ ਤਾਕਤਾਂ ਦਾ ਹੋਵੇਗਾ, ਜੋ ਸਮਾਜ ਦੇ ਹਰ ਵਰਗ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਪੂਰੀ ਦ੍ਰਿੜਤਾ ਨਾਲ ਮੈਦਾਨ ਵਿੱਚ ਡਟੀਆਂ ਹੋਈਆਂ ਹਨ।

By admin

Related Post