ਹੁਸ਼ਿਆਰਪੁਰ 25 ਜੁਲਾਈ ( ਤਰਸੇਮ ਦੀਵਾਨਾ ) – ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਸਫ਼ਾਈ ਸੇਵਕ ਮਹਿਲਾਵਾਂ ‘ਤੇ ਪੁਲਿਸ ਵਲੋਂ ਕੀਤੇ ਗਏ ਬੇਰਹਮੀਪੂਰਨ ਲਾਠੀਚਾਰਜ ਨੇ ਪੂਰੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਨਤਾ ਦੀ ਸੁਰੱਖਿਆ ਲਈ ਤੈਨਾਤ ਪੁਲਿਸ ਬਲ ਵਲੋਂ ਮਹਿਲਾ ਪ੍ਰਦਰਸ਼ਨਕਾਰੀਆਂ ‘ਤੇ ਕੀਤਾ ਗਿਆ ਇਹ ਤਸ਼ੱਦਦ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਤੇ ਬਾਲੀ ਹਸਪਤਾਲ ਦੇ ਐਮਡੀ ਡਾਕਟਰ ਐਮ ਜਮੀਲ ਬਾਲੀ ਨੇ ਪੱਤਰਕਾਰਾਂ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਜਿਹੜੀਆਂ ਮਹਿਲਾਵਾਂ ਰੋਜ਼ਾਨਾ ਸ਼ਹਿਰ ਦੀ ਢੁਕਵੀਂ ਸਫ਼ਾਈ ਕਰਕੇ ਲੋਕਾਂ ਦੀ ਸਿਹਤ ਦੀ ਰੱਖਿਆ ਕਰਦੀਆਂ ਹਨ, ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ‘ਤੇ ਉਨ੍ਹਾਂ ਨਾਲ ਗੈਰ-ਮਨੁੱਖੀ ਵਰਤਾਓ ਕੀਤਾ ਗਿਆ।
ਲੇਡੀਜ਼ ਪੁਲਿਸ ਨੂੰ ਅੱਗੇ ਕਰਨ ਦੀ ਬਜਾਏ ਮਰਦ ਪੁਲਿਸ ਮੁਲਾਜ਼ਮਾਂ ਵਲੋਂ ਤਾਕਤ ਦੀ ਨਜਾਇਜ਼ ਵਰਤੋਂ ਕੀਤੀ ਗਈ
ਪ੍ਰਦਰਸ਼ਨ ਦੌਰਾਨ ਔਰਤਾਂ ਦੀ ਮੌਜੂਦਗੀ ਦੇ ਬਾਵਜੂਦ ਲੇਡੀਜ਼ ਪੁਲਿਸ ਨੂੰ ਅੱਗੇ ਕਰਨ ਦੀ ਬਜਾਏ ਮਰਦ ਪੁਲਿਸ ਮੁਲਾਜ਼ਮਾਂ ਵਲੋਂ ਤਾਕਤ ਦੀ ਨਜਾਇਜ਼ ਵਰਤੋਂ ਕੀਤੀ ਗਈ, ਜੋ ਕਿ ਸੰਵਿਧਾਨਕ ਅਧਿਕਾਰਾਂ ਦਾ ਨੰਗਾ ਨਾਚ ਹੈ। ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਅਤੇ ਹੜਤਾਲ ਕਰਨ ਦਾ ਪੂਰਾ ਹੱਕ ਦਿੰਦਾ ਹੈ, ਪਰ ਬਰਨਾਲਾ ਵਿੱਚ ਪੁਲਿਸ ਵਲੋਂ ਵਰਤੀ ਗਈ ਸਖ਼ਤੀ ਨੇ ਜਲ੍ਹਿਆਂਵਾਲੇ ਬਾਗ ਵਰਗੇ ਮਾਹੌਲ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾ ਅਤੇ ਵਰਦੀ ਦਾ ਹੰਕਾਰ ਸਦਾ ਨਹੀਂ ਰਹਿੰਦਾ। ਪੁਲਿਸ ਵੱਲੋਂ ਕੀਤਾ ਗਿਆ ਇਹ ਜ਼ੁਲਮ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਵੱਡੀ ਨਾਮੋਸ਼ੀ ਦਾ ਕਾਰਨ ਬਣੇਗਾ। ਸ਼ਾਂਤਮਈ ਢੰਗ ਨਾਲ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਗਰੀਬ ਅਤੇ ਲਾਚਾਰ ਮਜ਼ਦੂਰਾਂ ‘ਤੇ ਡੰਡੇ ਵਰ੍ਹਾਉਣਾ ਲੋਕਤੰਤਰ ਦਾ ਘਾਣ ਹੈ, ਜਿਸ ਦਾ ਖਮਿਆਜ਼ਾ ਮੌਜੂਦਾ ਹਾਕਮਾਂ ਨੂੰ ਭੁਗਤਣਾ ਪਵੇਗਾ।

