ਨਾਟਕ, ਭੰਡ, ਹਿਸਟਰਾਨਿਕਸ, ਫੁਲਕਾਰੀ ਅਤੇ ਵਿਰਾਸਤੀ ਕੁਇਜ਼ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਸਥਾਨ
ਹੁਸ਼ਿਆਰਪੁਰ/ਮਾਹਿਲਪੁਰ, 6 ਨਵੰਬਰ (ਤਰਸੇਮ ਦੀਵਾਨਾ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨ-5 ਨਾਲ ਸਬੰਧਤ 30 ਕਾਲਜਾਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਲਈ ਕਰਵਾਏ ਜਾ ਰਹੇ ਚਾਰ ਰੋਜ਼ਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾਤਮਿਕ ਯੋਗਤਾ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਲਗਾਅ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਮੇਲੇ ਦੌਰਾਨ ਨਾਟਕ, ਭੰਡ, ਹਿਸਟਰਾਨਿਕਸ, ਫੁਲਕਾਰੀ ਅਤੇ ਵਿਰਾਸਤੀ ਕੁਇਜ਼ ਵਰਗੀਆਂ ਵੰਨਗੀਆਂ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।
ਸਮਾਗਮ ਦੇ ਵੱਖ-ਵੱਖ ਸੈਸ਼ਨਾਂ ਵਿੱਚ ਦਸ਼ਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੀ ਚੇਅਰਪਰਸਨ ਸੁਖਵਿੰਦਰ ਕੌਰ, ਪ੍ਰਿੰਸੀਪਲ ਮੀਤੂ ਮਹਾਜਨ, ਪ੍ਰਿੰਸੀਪਲ ਡਾ. ਭਾਨੂ ਗੁਪਤਾ, ਸੁਰਿੰਦਰਪਾਲ ਝੱਲ ਅਤੇ ਹਰਪ੍ਰੀਤ ਸਿੰਘ ਹਾਲੈਂਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਖਜ਼ਾਨਚੀ ਵੀਰਇੰਦਰ ਸ਼ਰਮਾ ਅਤੇ ਗੁਰਦਿਆਲ ਸਿੰਘ ਕਹਾਰਪੁਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ।
ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਮੇਲੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਹਿਮਾਨਾਂ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਅੰਦਰ ਛੁਪੀਆਂ ਕਲਾਤਮਿਕ ਪ੍ਰਤਿਭਾਵਾਂ ਨੂੰ ਉਭਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਪੰਜਾਬੀ ਲੋਕ ਕਲਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਇਸ ਪੱਧਰ ਦੇ ਜ਼ੋਨਲ ਅਤੇ ਇੰਟਰ ਜ਼ੋਨਲ ਯੁਵਕ ਮੇਲਿਆਂ ਦੇ ਸਫਲ ਆਯੋਜਨ ਲਈ ਕਾਲਜ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।
ਮੁਕਾਬਲਿਆਂ ਦੇ ਨਤੀਜਿਆਂ ਵਿੱਚ ਨਾਟਕ ਦੀ ਵੰਨਗੀ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਡੀਏਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਭੰਡ ਮੁਕਾਬਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਅਤੇ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਹਿਸਟਰਾਨਿਕਸ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਅਤੇ ਐੱਸਪੀਐੱਨ ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਫੁਲਕਾਰੀ ਮੁਕਾਬਲੇ ਵਿੱਚ ਡੀਏਵੀ ਕਾਲਜ ਗੜ੍ਹਸ਼ੰਕਰ ਪਹਿਲੇ, ਜੀਟੀਬੀ ਕਾਲਜ ਦਸੂਹਾ ਦੂਜੇ ਅਤੇ ਖਾਲਸਾ ਕਾਲਜ ਮਾਹਿਲਪੁਰ ਤੀਜੇ ਸਥਾਨ ’ਤੇ ਰਿਹਾ। ਵਿਰਾਸਤੀ ਕੁਇਜ਼ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਜੀਟੀਬੀ ਕਾਲਜ ਦਸੂਹਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਸਬੂਤ ਦਿੱਤਾ।
ਸਮਾਗਮ ਦੇ ਅੰਤ ਵਿੱਚ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ, ਗੁਰਜਿੰਦਰ ਸਿੰਘ ਕੈਲਗਰੀ, ਬਾਲ ਕ੍ਰਿਸ਼ਨ ਅਗਨੀਹੋਤਰੀ, ਜਸਜੀਤ ਸਿੰਘ ਭਾਰਟਾ, ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਬੈਂਸ, ਸਾਹਿਤਕਾਰ ਬਲਜਿੰਦਰ ਮਾਨ, ਲੇਖਕ ਵਿਜੇ ਬੰਬੇਲੀ, ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਵਿਕਰਾਂਤ ਰਾਣਾ, ਪ੍ਰਿੰਸੀਪਲ ਸੁਰਜੀਤ ਸਿੰਘ, ਪ੍ਰੋ. ਸਰਵਣ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਡਾ. ਸਾਂਵਲ ਧਾਮੀ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਜੇ.ਬੀ. ਸੇਖੋਂ ਅਤੇ ਡਾ. ਦੇਵ ਕੁਮਾਰ ਨੇ ਬਾਖੂਬੀ ਨਿਭਾਈ।

