Breaking
Fri. Jul 17th, 2026

ਖੰਨਾ ਵਿਖੇ ਮਨਰੇਗਾ ਮੁਲਾਜ਼ਮਾਂ ‘ਤੇ ਹੋਇਆ ਲਾਠੀਚਾਰਜ ਬੇਹੱਦ ਗ਼ੈਰ-ਕਾਨੂੰਨੀ ਅਤੇ ਅਣਮਨੁੱਖੀ: ਐਡਵੋਕੇਟ ਰੋਹਿਤ ਜੋਸ਼ੀ

ਮਨਰੇਗਾ

ਹੁਸ਼ਿਆਰਪੁਰ, 16 ਜੁਲਾਈ ( ਤਰਸੇਮ ਦੀਵਾਨਾ ) – ਪੰਜਾਬ ਦੇ ਖੰਨਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਮਨਰੇਗਾ ਕਰਮਚਾਰੀਆਂ ਉੱਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਸ਼ਹਿ ‘ਤੇ ਪੁਲਿਸ ਵੱਲੋਂ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਦੀ ਕਾਂਗਰਸ ਪਾਰਟੀ ਦੇ ਉੱਘੇ ਆਗੂ ਐਡਵੋਕੇਟ ਰੋਹਿਤ ਜੋਸ਼ੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਦਿਆਂ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ, ਗ਼ੈਰ-ਸੰਵਿਧਾਨਕ ਅਤੇ ਅਣਮਨੁੱਖੀ ਕਰਾਰ ਦਿੱਤਾ ਹੈ।

​ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਅਤੇ ਰੁਕੀਆਂ ਹੋਈਆਂ ਤਨਖਾਹਾਂ ਨੂੰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮਨਰੇਗਾ ਮੁਲਾਜ਼ਮ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹਨ। ਆਪਣੇ ਹੱਕ ਮੰਗਣਾ ਦੇਸ਼ ਦੇ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ, ਪਰ ‘ਬਦਲਾਅ’ ਦੇ ਨਾਂ ‘ਤੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਗਰੀਬ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਆਵਾਜ਼ ਨੂੰ ਲਾਠੀਆਂ ਅਤੇ ਅੱਥਰੂ ਗੈਸ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ।

ਖੰਨਾ ਵਿਖੇ ਹੋਏ ਇਸ ਲਾਠੀਚਾਰਜ ਦੌਰਾਨ ਕਈ ਮਹਿਲਾ ਮੁਲਾਜ਼ਮਾਂ ਸਮੇਤ ਦਰਜਨਾਂ ਪ੍ਰਦਰਸ਼ਨਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ

​ਉਨ੍ਹਾਂ ਕਿਹਾ ਕਿ ਖੰਨਾ ਵਿਖੇ ਹੋਏ ਇਸ ਲਾਠੀਚਾਰਜ ਦੌਰਾਨ ਕਈ ਮਹਿਲਾ ਮੁਲਾਜ਼ਮਾਂ ਸਮੇਤ ਦਰਜਨਾਂ ਪ੍ਰਦਰਸ਼ਨਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਦੀਆਂ ਪੱਗਾਂ ਤੱਕ ਰੋਲੀਆਂ ਗਈਆਂ। ਐਡਵੋਕੇਟ ਜੋਸ਼ੀ ਨੇ ਸਵਾਲ ਉਠਾਇਆ ਕਿ ਕੀ ਆਪਣੇ ਹੱਕਾਂ ਦੀ ਮੰਗ ਕਰਨਾ ਕੋਈ ਗੁਨਾਹ ਹੈ, ਜੋ ਸਰਕਾਰ ਨੇ ਗਰੀਬ ਮਨਰੇਗਾ ਕਾਮਿਆਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ?

​ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਦੀ ਹੈ। ਕਾਂਗਰਸ ਹਮੇਸ਼ਾ ਗਰੀਬਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਲੜਦੀ ਆਈ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਪੂਰੀ ਮਜ਼ਬੂਤੀ ਨਾਲ ਮਨਰੇਗਾ ਕਰਮਚਾਰੀਆਂ ਦੇ ਨਾਲ ਖੜ੍ਹੀ ਹੈ। ਐਡਵੋਕੇਟ ਰੋਹਿਤ ਜੋਸ਼ੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਜ਼ਖਮੀ ਹੋਏ ਮੁਲਾਜ਼ਮਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ, ਗ਼ੈਰ-ਕਾਨੂੰਨੀ ਲਾਠੀਚਾਰਜ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮਨਰੇਗਾ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ।

By admin

Related Post