ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਹੋਈ ਵਿਸ਼ੇਸ਼ ਮੀਟਿੰਗ, ਸੰਗਤਾਂ ਨੂੰ ਜਨਗਣਨਾ ਵਿੱਚ ‘ਆਦਿ ਧਰਮ’ ਲਿਖਵਾਉਣ ਦਾ ਦਿੱਤਾ ਸੱਦਾ
ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ) – ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਇੱਕ ਅਹਿਮ ਇਕੱਤਰਤਾ ਦੌਰਾਨ ਆਦਿ ਧਰਮ ਦੀ ਹੋਂਦ ਨੂੰ ਬਚਾਉਣ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਫੈਸਲੇ ਲਏ ਗਏ। ਇਸ ਵਿਸ਼ੇਸ਼ ਮੀਟਿੰਗ ਵਿੱਚ ਸੁਸਾਇਟੀ ਦੇ ਸਮੂਹ ਐਗਜੈਕਟਿਵ ਮੈਂਬਰਾਂ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ, ਜਿਨ੍ਹਾਂ ਵਿੱਚ ਸੰਤ ਨਿਰਮਲ ਦਾਸ ਬਾਬੇਜੌੜੇ (ਪ੍ਰਧਾਨ), ਸੰਤ ਇੰਦਰ ਦਾਸ ਸੇਖੈ (ਜਨਰਲ ਸਕੱਤਰ), ਸੰਤ ਪਰਮਜੀਤ ਦਾਸ ਨਗਰ (ਕੈਸ਼ੀਅਰ) ਅਤੇ ਸੰਤ ਸਰਵਣ ਦਾਸ (ਸੀਨੀਅਰ ਮੀਤ ਪ੍ਰਧਾਨ) ਸ਼ਾਮਲ ਸਨ। ਇਸ ਤੋਂ ਇਲਾਵਾ ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਸੰਤੋਖ ਦਾਸ ਭਾਰਟਾ ਗਨੇਸ਼ਪੁਰ, ਸੰਤ ਰਜੇਸ਼ ਦਾਸ ਬਜਵਾੜਾ, ਸੰਤ ਗੁਰਮੀਤ ਦਾਸ, ਸੰਤ ਕੁਲਦੀਪ ਦਾਸ ਬਸੀ ਮਰੂਫ ਅਤੇ ਗਿਆਨੀ ਰਵਿੰਦਰ ਸਿੰਘ ਹਰਮੋਏ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਇਕੱਤਰ ਹੋਏ ਸੁਸਾਇਟੀ ਦੇ ਸਮੂਹ ਐਗਜੈਕਟਿਵ ਮੈਂਬਰਾਂ ਨੇ ਇੱਕਮਤ ਹੋ ਕੇ ਪ੍ਰਣ ਲਿਆ ਕਿ ਸੰਤ ਮਹਾਂਪੁਰਸ਼ਾਂ ਵੱਲੋਂ ਦਿੱਤੇ ਗਏ ਇਸ ਜਾਗਰੂਕਤਾ ਸੰਦੇਸ਼ ਨੂੰ ਪੰਜਾਬ ਅਤੇ ਦੇਸ਼-ਵਿਦੇਸ਼ ਦੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਮੈਂਬਰਾਂ ਨੇ ਆਦਿ ਧਰਮ ਦੇ ਖਾਨੇ ਨੂੰ ਸਰਕਾਰੀ ਤੌਰ ‘ਤੇ ਮੁੜ ਬਹਾਲ ਕਰਵਾਉਣ ਦੀ ਮੁਹਿੰਮ ਵਿੱਚ ਤਨਦੇਹੀ ਨਾਲ ਜੁੜਨ ਦਾ ਸੰਕਲਪ ਕੀਤਾ।
ਸੰਤ ਸਰਵਣ ਦਾਸ ਜੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਤਿਹਾਸ ਦਾ ਹਵਾਲਾ ਦਿੱਤਾ
ਇਸ ਦੌਰਾਨ ਚੇਅਰਮੈਨ ਸੰਤ ਸਰਵਣ ਦਾਸ ਜੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਤਿਹਾਸ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਨੇ ਹਮੇਸ਼ਾ ਬਰਾਬਰਤਾ, ਭਾਈਚਾਰੇ ਅਤੇ ਏਕਤਾ ਦਾ ਮਾਰਗ ਦਿਖਾਇਆ ਹੈ। ਇਸੇ ਹੋਂਦ ਦੀ ਰੱਖਿਆ ਲਈ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ‘ਆਦਿ ਧਰਮ ਲਹਿਰ’ ਰਾਹੀਂ ਵੱਡਾ ਸੰਘਰਸ਼ ਵਿੱਢਿਆ ਸੀ, ਜਿਸ ਸਦਕਾ 1931 ਦੀ ਮਰਦਮ ਸ਼ੁਮਾਰੀ (ਜਨਗਣਨਾ) ਵਿੱਚ ਆਦਿ ਧਰਮ ਦਾ ਵੱਖਰਾ ਖਾਨਾ ਮੌਜੂਦ ਸੀ ਅਤੇ ਲੱਖਾਂ ਲੋਕਾਂ ਨੇ ਆਪਣਾ ਧਰਮ ‘ਆਦਿ ਧਰਮ’ ਦਰਜ ਕਰਵਾਇਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਗੌਰਵਮਈ ਪਛਾਣ ਨੂੰ ਮੁੜ ਸਥਾਪਿਤ ਕਰਨ ਲਈ ਹੁਣ ਧਾਰਮਿਕ, ਸਮਾਜਿਕ ਅਤੇ ਪੜ੍ਹੇ-ਲਿਖੇ ਬੁੱਧੀਜੀਵੀ ਵਰਗ ਦੇ ਸਹਿਯੋਗ ਨਾਲ ਇੱਕ ਹੋਰ ਵੱਡੇ ਸੰਘਰਸ਼ ਦੀ ਲੋੜ ਹੈ।
ਮੀਟਿੰਗ ਦੀ ਕਾਰਵਾਈ ਦੌਰਾਨ ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੈ ਨੇ ਏਜੰਡਾ ਪੜ੍ਹ ਕੇ ਸੁਣਾਇਆ, ਜਿਸ ਤੋਂ ਬਾਅਦ ਸੁਸਾਇਟੀ ਵੱਲੋਂ ਸਰਬਸੰਮਤੀ ਨਾਲ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ। ਇਸ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਹਿਬਰਾਂ ਵੱਲੋਂ ਚਲਾਏ ਗਏ ਆਦਿ ਧਰਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੰਗਤਾਂ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸੁਸਾਇਟੀ ਨੇ ਕਿਹਾ, “ਅਸੀਂ ਸਾਰੇ ਆਦਿ ਕਾਲ ਤੋਂ ਹੀ ਆਦਿ ਧਰਮੀ ਹਾਂ, ਇਸ ਲਈ ਆਉਣ ਵਾਲੀ ਜਨਗਣਨਾ ਵਿੱਚ ਸਾਰੇ ਪਰਿਵਾਰ ਆਪਣਾ ਧਰਮ ‘ਆਦਿ ਧਰਮ’ ਹੀ ਲਿਖਵਾਉਣ।”
ਦੱਸਣਯੋਗ ਹੈ ਕਿ ਇਹ ਉਚੇਚੀ ਇਕੱਤਰਤਾ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਚੇਅਰਮੈਨ ਸੰਤ ਸਰਵਣ ਦਾਸ ਜੀ ਅਤੇ ਸੰਤ ਨਿਰਮਲ ਦਾਸ ਪ੍ਰਧਾਨ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ-ਵੱਖ ਡੇਰਿਆਂ ਦੇ ਸੰਤ-ਮਹਾਂਪੁਰਸ਼ ਅਤੇ ਸਮਾਜ ਦੇ ਸੂਝਵਾਨ ਬੁੱਧੀਜੀਵੀ ਆਗੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਵਿਚਾਰ-ਵਟਾਂਦਰਾ ਕੀਤਾ।

