Breaking
Sat. Jul 11th, 2026

ਕਿਸੇ ਪਾਬੰਦੀ ਰਾਹੀਂ ਇਤਿਹਾਸ ਦੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ, ‘ਸਤਲੁਜ’ ਫਿਲਮ ਨੂੰ ਹਟਾਉਣਾ ਘਿਨਾਉਣੀ ਹਰਕਤ : ਐਡਵੋਕੇਟ ਸੂਰਜ ਸਿੰਘ

ਇਤਿਹਾਸ

​ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ) – ਪੰਜਾਬ ਸਣੇ ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਜਾਣਨ, ਸਮਝਣ ਤੇ ਉਸ ਤੋਂ ਸਿੱਖਣ ਦਾ ਪੂਰਾ ਅਧਿਕਾਰ ਹੈ। ਲੋਕਤੰਤਰ ਵਿਚ ਵਿਚਾਰਾਂ ਦੀ ਵਿਭਿੰਨਤਾ ਤੇ ਇਤਿਹਾਸਕ ਸੱਚਾਈ ਨੂੰ ਸਾਹਮਣੇ ਰੱਖਣ ਵਾਲੀਆਂ ਰਚਨਾਵਾਂ ‘ਤੇ ਰੋਕ ਲਗਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਜਿਹਾ ਕਦਮ ਸੱਚਾਈ ਸਾਹਮਣੇ ਲਿਆਉਣ ਵਾਲੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਅਤੇ ਇੱਕ ਘਿਨਾਉਣੀ ਹਰਕਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਰ.ਟੀ.ਆਈ.ਸੈਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੂਰਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

​ਐਡਵੋਕੇਟ ਸੂਰਜ ਸਿੰਘ ਨੇ ਅੱਗੇ ਕਹਿਣਾ ਜਾਰੀ ਰੱਖਿਆ ਕਿ ਸਿੱਖਾਂ ‘ਤੇ ਹੋਏ ਸਰਕਾਰੀ ਅੱਤਿਆਚਾਰ ਨੂੰ ਲੁਕਾਉਣ ਦੇ ਯਤਨ ਕਦੇ ਵੀ ਸਫ਼ਲ ਨਹੀਂ ਹੋ ਸਕਦੇ। ਜਿਨ੍ਹਾਂ ਨੌਜੁਆਨਾਂ ਨੂੰ ਸ਼ਹੀਦ ਕਰਨ ਮਗਰੋਂ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ, ਉਨ੍ਹਾਂ ਕੇਸਾਂ ਵਿਚ ਅੱਜ ਮਾਨਯੋਗ ਅਦਾਲਤਾਂ ਵੱਲੋਂ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ, ਅਦਾਲਤ ਦੇ ਇਸ ਫੈਸਲੇ ਤੋਂ ਕੋਈ ਕਿਵੇਂ ਮੂੰਹ ਮੋੜੇਗਾ। ਉਨ੍ਹਾਂ ਸਾਫ਼ ਕਿਹਾ ਕਿ ਨਾਂ ਤਾਂ ਇਤਿਹਾਸ ਦੇ ਪੰਨਿਆਂ ਨੂੰ ਮਿਟਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਪਾਬੰਦੀ ਰਾਹੀਂ ਸੱਚ ਨੂੰ ਦਬਾਇਆ ਜਾ ਸਕਦਾ ਹੈ।

1984 ਤੋਂ ਬਾਅਦ ਪੁਲਿਸ ਨੇ ਹਜ਼ਾਰਾਂ ਬੇਗੁਨਾਹ ਨੌਜੁਆਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ

​ਉਨ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ‘ਤੇ ਬਣੀ ਫਿਲਮ ‘ਸਤਲੁਜ’ ‘ਤੇ ਲੱਗੀ ਪਾਬੰਦੀ ਦੇ ਸੰਦਰਭ ਵਿਚ ਗੱਲ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਕੀਤੇ ਅਦੁੱਤੀ ਕਾਰਜਾਂ ਤੇ ਪੁਲਿਸ ਵੱਲੋਂ ਸਿੱਖ ਨੌਜੁਆਨਾਂ ਨਾਲ ਕੀਤੀਆਂ ਵਧੀਕੀਆਂ ‘ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਰੀਲੀਜ਼ ਹੋਣ ਤੋਂ ਕੁਝ ਸਮਾਂ ਬਾਅਦ ਹੀ ਭਾਰਤ ਵਿਚ ‘ਜੀ ਨੈਟਵਰਕ’ ਤੋਂ ਮਨਮਾਨੇ ਢੰਗ ਨਾਲ ਹਟਾਏ ਜਾਣ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। 1984 ਤੋਂ ਬਾਅਦ ਪੁਲਿਸ ਨੇ ਹਜ਼ਾਰਾਂ ਬੇਗੁਨਾਹ ਨੌਜੁਆਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਉਸ ਦਰਦਨਾਕ ਦੌਰ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ, ਜਿਸ ਸਦਕਾ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਸੀ।

​ਅਖੀਰ ਵਿਚ ਐਡਵੋਕੇਟ ਸੂਰਜ ਸਿੰਘ ਨੇ ਮੰਗ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਸੱਚ ਦੀ ਜਿੱਤ ਲਈ ਸਦਾ ਪ੍ਰੇਰਨਾ ਸਰੋਤ ਰਹੇਗੀ। ਇਸ ਫਿਲਮ ਵਿਚ ਇਤਿਹਾਸ ਦੇ ਤੱਥਾਂ, ਮਨੁੱਖੀ ਅਧਿਕਾਰਾਂ ਤੇ ਸਮਾਜਿਕ ਸੱਚਾਈ ਨੂੰ ਸਾਹਮਣੇ ਲਿਆਂਦਾ ਗਿਆ ਹੈ, ਜਿਸ ਨੂੰ ਖੁੱਲ੍ਹੇ ਮਨ ਨਾਲ ਦੇਖਿਆ ਤੇ ਵਿਚਾਰਿਆ ਜਾਣਾ ਚਾਹੀਦਾ ਹੈ। ਇਤਿਹਾਸ ਦੇ ਪੰਨਿਆਂ ਤੇ ਸੱਚ ਨੂੰ ਦਬਾਉਣ ਦੇ ਅਜਿਹੇ ਯਤਨ ਕਦੇ ਕਾਮਯਾਬ ਨਹੀਂ ਹੋਣਗੇ।

By admin

Related Post