ਦਸਤਾਰ ਦਾ ਅਪਮਾਨ ਅਤੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਹੋਵੇਗਾ ਵੱਡਾ ਪ੍ਰਦਰਸ਼ਨ : ਸਿੰਗੜੀਵਾਲਾ
ਹੁਸ਼ਿਆਰਪੁਰ, 10 ਜੂਨ (ਤਰਸੇਮ ਦੀਵਾਨਾ ) – “ਹਿਮਾਚਲ ਵਿਚ ਯਾਤਰਾ ਕਰਨ ਗਏ ਸਿੱਖ ਨੌਜ਼ਵਾਨਾਂ ਨਾਲ ਕੁਝ ਸਿਰਫਿਰੇ ਭੂਤਰੇ ਹੋਏ ਹਿਮਾਚਲੀ ਨੌਜ਼ਵਾਨਾਂ ਨੇ ਗੱਡੀ ਵਿਚ ਸਫਰ ਕਰ ਰਹੇ 4 ਸਿੱਖ ਨੌਜਵਾਨਾਂ ਨੂੰ ਘੇਰ ਕੇ ਬਹੁਤ ਹੀ ਬੇਰਹਿਮੀ ਅਤੇ ਗੈਰ ਇਨਸਾਨੀਅਤ ਢੰਗ ਨਾਲ ਕੁੱਟਮਾਰ ਹੀ ਨਹੀ ਕੀਤੀ ਬਲਕਿ ਇਨ੍ਹਾਂ ਨੌਜਵਾਨਾਂ ਦੀਆਂ ਦਸਤਾਰਾਂ ਦਾ ਅਪਮਾਨ ਵੀ ਕੀਤਾ ਗਿਆ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 20-25 ਹਿਮਾਚਲੀ ਨੌਜਵਾਨਾਂ ਨੇ ਮਿੱਥਕੇ ਮੰਦਭਾਵਨਾ ਅਧੀਨ ਇਨ੍ਹਾਂ ਸਿੱਖ ਪੰਜਾਬੀ ਨੌਜਵਾਨਾਂ ਤੇ ਹਮਲਾ ਕਰਕੇ ਕੁੱਟਮਾਰ ਕੀਤੀ ਪਰ ਦੁੱਖ ਅਤੇ ਅਫਸੋਸ ਹੈ ਕਿ ਸੰਬੰਧਤ ਕੁੱਲੂ-ਮਨਾਲੀ ਦੇ ਇਲਾਕੇ ਨਾਲ ਸੰਬੰਧਤ ਪੁਲਿਸ ਅਫਸਰਾਨ ਅਤੇ ਸਰਕਾਰ ਵੱਲੋ ਜਿਨ੍ਹਾਂ ਸਿੱਖ ਨੌਜਵਾਨਾਂ ਉਤੇ ਜ਼ਬਰ ਹੋਇਆ ਹੈ, ਉਨ੍ਹਾਂ ਜਬਰ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਬਜਾਇ ਪੀੜ੍ਹਤਾਂ ਉਤੇ ਹੀ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਅਜਿਹੇ ਅਮਲ ਸਰਕਾਰਾਂ ਅਤੇ ਪੁਲਿਸ ਵੱਲੋ ਮੁਤੱਸਵੀ ਸੋਚ ਅਧੀਨ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁੱਖੂ ਸਰਕਾਰ ਅਤੇ ਡੀਜੀਪੀ ਹਿਮਾਚਲ ਨੂੰ ਗੰਭੀਰਤਾ ਪੂਰਵਕ ਖਬਰਦਾਰ ਕਰਦਾ ਹੈ ਕਿ ਸਿੱਖ ਨੌਜਵਾਨਾਂ ਤੇ ਜ਼ਬਰ-ਜੁਲਮ ਢਾਹੁਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਨਿਹੰਗ ਸੁਰਜਨ ਸਿੰਘ ਦੀ ਅਗਵਾਈ ਹੇਠ ਇੱਕ ਜਥਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਤੋਂ ਰਵਾਨਾ ਹੋ ਕੇ ਪੰਜਾਬ ਹਿਮਾਚਲ ਬਾਰਡਰ ਤੇ ਜਾ ਕੇ ਇੱਕ ਮੰਗ ਪੱਤਰ ਗਗਰੇਟ ਦੇ ਤਹਿਸੀਲਦਾਰ ਕੁਲਤਾਜ ਸਿੰਘ ਨੂੰ ਸੌਂਪਿਆ।
ਜੇਕਰ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਨਾ ਕੀਤਾ ਤਾ ਜਲਦ ਹੀ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨਾਂ ਵਿਰੁੱਧ ਹੀ ਹਿਮਾਚਲ ਦੀ ਸੁੱਖੂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਇਨਸਾਫੀ ਕਰਦਿਆਂ ਪਰਚਾ ਦਰਜ ਕਰਕੇ ਜੇਲ ਵਿੱਚ ਡੱਕ ਦਿੱਤਾ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਜੇਕਰ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਨਾ ਕੀਤਾ ਤਾ ਜਲਦ ਹੀ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸਮੇਂ ਸੰਦੀਪ ਸਿੰਘ ਖਾਲਸਾ ਟਾਂਡਾ ਨੇ ਹਿਮਾਚਲ ਦੀ ਸੁੱਖੂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦਸਤਾਰ ਸਿੱਖੀ ਦੀ ਸ਼ਾਨ ਹੈ ਉਸ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਹਿਮਾਚਲ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਲਈ ਪਾਬੰਦ ਕੀਤਾ ਜਾਵੇਗਾ।
ਇਸ ਸਮੇਂ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਕੁੱਟਮਾਰ ਦੇ ਗੰਭੀਰ ਵਿਸੇ ਉਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਿਮਾਚਲ ਸਰਕਾਰ ਅਤੇ ਡੀਜੀਪੀ ਹਿਮਾਚਲ ਨਾਲ ਸੰਪਰਕ ਕਰਕੇ ਪੰਜਾਬੀ ਸਿੱਖ ਨੌਜਵਾਨਾਂ ਉਤੇ ਹੋਏ ਤਸੱਦਦ ਦਾ ਇਨਸਾਫ਼ ਦਿਵਾਉਣ ਲਈ ਆਪਣੀ ਜਿੰਮੇਵਾਰੀ ਨੂੰ ਪੂਰਨ ਕਰੇਗੀ । ਪੰਜਾਬੀਆਂ ਦੇ ਹੱਕ ਹਕੂਕਾ ਦੀ ਰੱਖਿਆ ਕਰੇਗੀ ! ਇਸ ਸਮੇਂ ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਸਨੀ, ਹਰਮਨਜੋਤ ਸਿੰਘ, ਬੂਟਾ ਸਿੰਘ ਸਿੰਗੜੀਵਾਲਾ, ਅਮਰਜੀਤ ਸਿੰਘ ਗੋਕਲ ਨਗਰ, ਗੁਰਜੀਤ ਸਿੰਘ ਪ੍ਰਿੰਸ, ਗੌਰਵ ਮੱਲ, ਵੀਰ ਸਿੰਘ ਬੋਲੋਵਾਲ, ਪਾਰਸ, ਜਸਰਾਜ ਸਿੰਘ ਆਦਿ ਹਾਜ਼ਰ ਸਨ !

