ਆਪ ਸਰਕਾਰ ਦੇ ਰਾਜ ਵਿੱਚ ਗੈਂਗਸਟਰਵਾਦ ਚਰਮ ਸੀਮਾ ’ਤੇ, ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ
ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ ) – ਪੰਜਾਬ ਵਿੱਚ ਦਿਨੋ-ਦਿਨ ਡਾਵਾਂਡੋਲ ਹੋ ਰਹੀ ਕਾਨੂੰਨ ਵਿਵਸਥਾ ਅਤੇ ਬੇਲਗਾਮ ਹੋ ਚੁੱਕੇ ਗੈਂਗਸਟਰਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਰ.ਟੀ.ਆਈ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੂਰਜ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਐਡਵੋਕੇਟ ਸੂਰਜ ਸਿੰਘ ਨੇ ਅੰਮ੍ਰਿਤਸਰ ਦੇ ਕਸਬਾ ਮਜੀਠਾ ਵਿਖੇ ਡਿਊਟੀ ’ਤੇ ਜਾ ਰਹੇ ਏ.ਐੱਸ.ਆਈ. (ASI) ਜੋਗਾ ਸਿੰਘ ਦੀ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ ਬੇਰਹਿਮੀ ਨਾਲ ਹੱਤਿਆ ’ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਸੂਰਜ ਸਿੰਘ ਨੇ ਆਖਿਆ ਕਿ ਇਹ ਬੇਹੱਦ ਸ਼ਰਮਨਾਕ ਅਤੇ ਚਿੰਤਾਜਨਕ ਗੱਲ ਹੈ ਕਿ ਸੂਬੇ ਵਿੱਚ ਹੁਣ ਕਾਨੂੰਨ ਦੇ ਰਾਖੇ ਹੀ ਸੁਰੱਖਿਅਤ ਨਹੀਂ ਰਹੇ।
ਉਨ੍ਹਾਂ ਕਿਹਾ: “ਜੇਕਰ ਦਿਨ-ਦਿਹਾੜੇ ਡਿਊਟੀ ’ਤੇ ਜਾ ਰਹੇ ਇੱਕ ਪੁਲਿਸ ਅਫ਼ਸਰ ਨੂੰ ਗੈਂਗਸਟਰ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਸਕਦੇ ਹਨ, ਤਾਂ ਪੰਜਾਬ ਦੇ ਆਮ ਨਾਗਰਿਕ ਦੀ ਸੁਰੱਖਿਆ ਦੀ ਕੀ ਗਾਰੰਟੀ ਹੈ? ਉਹਨਾਂ ਕਿਹਾ ਕਿ ਅੱਜ ਪੂਰੇ ਪੰਜਾਬ ਦਾ ਹਰ ਨਾਗਰਿਕ ਖੌਫ਼ ਦੇ ਸਾਏ ਹੇਠ ਜੀਣ ਲਈ ਮਜਬੂਰ ਹੈ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸੂਬੇ ਵਿੱਚ ਗੈਂਗਸਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ਚਰਮ ਸੀਮਾ ’ਤੇ ਪਹੁੰਚ ਗਈਆਂ ਹਨ। ਸਰਕਾਰ ਦਾ ਪ੍ਰਸ਼ਾਸਨ ਅਤੇ ਅਪਰਾਧੀਆਂ ’ਤੇ ਕੋਈ ਕੰਟਰੋਲ ਨਹੀਂ ਰਿਹਾ। ਨਿਤ ਦਿਨ ਗੋਲੀਆਂ ਚੱਲਣਾ, ਫਿਰੌਤੀਆਂ ਮੰਗਣਾ ਅਤੇ ਕਤਲ ਹੋਣਾ ਪੰਜਾਬ ਦੀ ਰੋਜ਼ਾਨਾ ਦੀ ਖ਼ਬਰ ਬਣ ਚੁੱਕਾ ਹੈ।
ਐਡਵੋਕੇਟ ਸੂਰਜ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਸੂਬੇ ਨੂੰ ਸੁਰੱਖਿਅਤ ਰੱਖਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰਚਾਰ ਦੇ ਸਟੰਟ ਛੱਡ ਕੇ ਪੰਜਾਬ ਦੀ ਅਮਨ-ਸ਼ਾਂਤੀ ਵੱਲ ਧਿਆਨ ਦੇਵੇ ਅਤੇ ਮ੍ਰਿਤਕ ਏ.ਐੱਸ.ਆਈ. ਜੋਗਾ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸ਼੍ਰੋਮਣੀ ਅਕਾਲੀ ਦਲ ਬਾਦਲ ਮ੍ਰਿਤਕ
ਪੁਲਿਸ ਮੁਲਾਜ਼ਮ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਚਟਾਨ ਵਾਂਗ ਖੜ੍ਹਾ ਹੈ।

