ਵਧੀਕ ਡਿਪਟੀ ਕਮਿਸ਼ਨਰ ਨੇ ਫੀਲਡ ‘ਚ ਜਨਗਣਨਾ ਦੀ ਡਿਊਟੀ ਨਿਭਾਅ ਰਹੇ ਸਟਾਫ ਨੂੰ ਵੰਡੀਆਂ ਹਾਈਡ੍ਰੇਸ਼ਨ ਕਿੱਟਾਂ

ਵਧੀਕ ਡਿਪਟੀ ਕਮਿਸ਼ਨਰ

ਜਲੰਧਰ 22 ਮਈ (ਜਸਵਿੰਦਰ ਸਿੰਘ ਆਜ਼ਾਦ)- ਗਰਮੀ ਅਤੇ ਲੂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵਲੋਂ ਅੱਜ ਜ਼ਿਲ੍ਹੇ ਵਿੱਚ ਜਨਗਣਨਾ ਦੇ ਕੰਮ ਵਿੱਚ ਲੱਗੇ ਅਮਲੇ ਨੂੰ ਹਾਈਡ੍ਰੇਸ਼ਨ ਕਿੱਟਾਂ ਦੀ ਵੰਡ ਕੀਤੀ ਗਈ।

ਇਥੇ ਜਲੰਧਰ ਕੈਂਟ ਸਮੇਤ ਹੋਰ ਵੱਖ-ਵੱਖ ਥਾਵਾਂ ‘ਤੇ ਜਨਗਣਨਾ ਸਟਾਫ਼ ਨੂੰ ਕਿੱਟਾਂ ਦੀ ਵੰਡ ਕਰਦਿਆਂ ਉਨ੍ਹਾਂ ਕਿਹਾ ਕਿ ਜਨਗਨਣਾ ਅਮਲੇ ਨੂੰ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨੀ ਪੈਂਦੀ ਹੈ ਪਰ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਰਦਮਸ਼ੁਮਾਰੀ ਕਰ ਰਹੇ ਅਮਲੇ ਦੀ ਸਿਹਤ ਸੰਭਾਲ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਅੱਜ ਹਾਈਡ੍ਰੇਸ਼ਨ ਕਿਟਾਂ ਦੀ ਵੰਡ ਕੀਤੀ ਜਾ ਰਹੀ ਹੈ।

ਉਨ੍ਹਾਂ ਜਨਗਣਨਾ ਸਟਾਫ਼ ਨੂੰ ਹੱਲਾਸ਼ੇਰੀ ਦਿੰਦਿਆਂ ਗਰਮੀ ਤੋਂ ਬਚਾਅ ਲਈ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸਿਰ ਢਕ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਪਾਣੀ, ਓਆਰਐਸ, ਨਿੰਬੂ-ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਕੀਤਾ ਜਾਵੇ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਜਨਗਣਨਾ-2027 ਤਹਿਤ ਗਿਣਤੀਕਾਰਾਂ ਵੱਲੋਂ 13 ਜੂਨ 2026 ਤੱਕ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।

ਇਸ ਮੌਕੇ ਸਹਾਇਕ ਚਾਰਜ ਅਫ਼ਸਰ ਰਾਜਨ ਸ਼ਰਮਾ, ਕੰਟੋਨਮੈਂਟ ਬੋਰਡ, ਜਲੰਧਰ ਕੈਂਟ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਸੁਪਰਵਾਈਜ਼ਰ ਮਿਨਾਕਸ਼ੀ ਸ਼ਰਮਾ, ਵੰਦਨਾ ਪੁਰੀ, ਪਰਵਿੰਦਰ ਸਿੰਘ, ਤਜਿੰਦਰ ਭਗਤ, ਪੂਜਾ ਅਤੇ ਗਿਣਤੀਕਾਰ ਰਾਕੇਸ਼ ਕੁਮਾਰ, ਪੂਜਾ ਗਾਬਾ, ਯਸ਼ਪਾਲ, ਨਰਿੰਦਰ ਕੁਮਾਰ ਤੇ ਦੀਪਕ ਕੁਮਾਰ ਮੌਜੂਦ ਸਨ।

By admin

Related Post