ਹੁਸ਼ਿਆਰਪੁਰ 16 ਮਈ ( ਤਰਸੇਮ ਦੀਵਾਨਾ ) – ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਸ੍ਰੀ ਖੁਰਾਲਗੜ ਸਾਹਿਬ ਦੀਆਂ ਖਰਾਬ ਅਤੇ ਦੁਘਟਨਾਵਾਂ ਦੇ ਕਾਰਨ ਬਣ ਰਹੀਆਂ ਸੜਕਾਂ, ਬਰਸਾਤੀ ਪਾਣੀ ਨਾਲ ਹੜਾਂ ਨਾਲ ਹੁੰਦੇ ਭਾਰੀ ਨੁਕਸਾਨ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਆਲ ਇੰਡੀਆ ਆਦਿ ਧਰਮ ਰਜਿ.ਭਾਰਤ ਦਾ ਇਕ ਵਫਦ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਐਸ ਕਮਿਸ਼ਨ ਚੇਅਰਮੈਨ ਪੰਜਾਬ ਜਸਵੀਰ ਸਿੰਘ ਗੜੀ ਨੂੰ ਮਿਲਿਆ, ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਅਤੇ ਗੁਰਲਾਲ ਸੈਲਾ ਵੀ ਹਾਜਰ ਸਨ।
ਸੰਤ ਸਤਵਿੰਦਰ ਹੀਰਾ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਉਹ 2009 ਤੋਂ ਮੁੱਖ ਸੇਵਾਦਾਰ ਸੇਵਾ ਨਿਭਾਅ ਰਹੇ ਹਨ, ਇਥੇ ਹਰ ਸਾਲ ਚਾਰ ਵੱਡੇ ਸਮਾਗਮ ਹੁੰਦੇ ਹਨ ਅਤੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਓਨਾਂ ਕਿਹਾ ਇਥੋਂ ਦੀਆਂ ਸੜਕਾਂ ਜੋ ਰੋਜ਼ਾਨਾ ਆਉਣ ਵਾਲੀਆਂ ਸੰਗਤਾਂ ਲਈ ਵੱਡੀ ਪ੍ਰੇਸ਼ਾਨੀ ਪੈਦਾ ਕਰ ਰਹੀਆਂ ਹਨ ਬਲਕਿ ਆਏ ਦਿਨ ਦੁਰਘਟਨਾਵਾਂ ਨੂੰ ਜਨਮ ਦੇ ਕੇ ਅਜਾਈਂ ਮੌਤਾਂ ਦਾ ਕਾਰਨ ਵੀ ਬਣ ਰਹੀਆਂ ਹਨ।ਓਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਾਪਰੇ ਹਾਦਸਿਆਂ ਵਿੱਚ ਇਥੇ 20 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਅਤੇ ਜ਼ਖਮੀਆਂ ਦਾ ਇਲਾਜ ਪੀ ਜੀ ਆਈ ਤੱਕ ਕਰਵਾਇਆ ਗਿਆ ਸੀ।
ਓਨਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੀਂ ਜਨਮ ਸ਼ਤਾਵਦੀ ਪ੍ਰੋਗਰਾਮ ਵੱਡੇ ਪੱਧਰ ਤੇ ਮਨਾ ਰਹੀ ਹੈ ਜੋ ਕਿ ਪੰਜਾਬ ਵਾਸੀਆਂ ਅਤੇ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਸੰਤ ਸਤਵਿੰਦਰ ਹੀਰਾ ਹੈ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਮਨਾਉਣ ਤੋਂ ਪਹਿਲਾਂ ਸੰਗਤਾਂ ਦੀ ਸੁਰੱਖਿਆ ਲਈ ਸਰਕਾਰ ਸਬੰਧਿਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕਰਕੇ ਸ੍ਰੀ ਖੁਰਾਲਗੜ ਸਾਹਿਬ ਦੀਆਂ ਸੜਕਾਂ ਬਣਾਏ। ਉਨਾਂ ਕਿਹਾ ਕਿ ਸ੍ਰੀ ਬੇਗਮਪੁਰਾ ਚੌਂਕ ਤੋੰ ਮੀਨਾਰ ਏ ਬੇਗਮਪੁਰਾ ਤੱਕ ਸੜਕ ਨੂੰ ਘਟੋ ਘੱਟ 60 ਫੁੱਟ ਚੌੜਾ ਕੀਤਾ ਜਾਵੇ ਅਤੇ ਉਤਰਾਈ ਉਤਰਦੇ ਉੱਚੀ ਚੜਾਈ ਨੂੰ ਘੱਟ ਕਰਕੇ ਸਹੀ ਲੈਬਲ ਤੇ ਕੀਤਾ ਜਾਵੇ ਅਤੇ ਦੋਨੋਂ ਪਾਸੇ 20 ਫੁੱਟ ਉੱਚੇ ਗਾਡਰ ਲਗਾਏ ਜਾਣ।
ਸੰਤ ਹੀਰਾ ਨੇ ਕਿਹਾ ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ ਓਦੋਂ ਤੱਕ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕਰਕੇ ਬੇਗਮਪੁਰਾ ਚੌਂਕ ਤੋਂ ਮੀਨਾਰ ਏ ਬੇਗਮਪੁਰਾ ਤੱਕ ਟ੍ਰੈਫਿਕ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ ਤਾਂ ਕਿ ਭਾਰੀ ਵਾਹਨਾਂ ਤੇ ਪੱਕੇ ਤੌਰ ਤੇ ਪਬੰਧੀ ਲਗਾਕੇ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਇਕ ਹੋਰ ਮਾਮਲੇ ਸਬੰਧੀ ਸੰਤ ਸਤਵਿੰਦਰ ਹੀਰਾ ਨੇ ਐਸ ਸੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਸ੍ਰੀ ਗੁਰੂ ਰਵਿਦਾਸ ਇਤਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਤੱਕ ਕੱਚਾ ਰਸਤਾ ਕਰੀਬ 150 ਮੀਟਰ ਹੈ ਜਿਸ ਨਾਲ ਬਰਸਾਤੀ ਪਾਣੀ ਦੀ ਮਾਰ ਪੈ ਸਕਦੀ ਹੈ। ਇਥੇ ਹੜ੍ਹਾ ਤੋਂ ਬਚਾਅ ਲਈ ਸਬੰਧਿਤ ਮਹਿਕਮੇ ਨੂੰ ਨਿਰਦੇਸ਼ ਦੇ ਕੇ ਡੰਗੇ ਲਗਾਏ ਜਾਣ।
ਇਸ ਮੌਕੇ ਐਸ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜੀ ਵਲੋਂ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਪਰੋਕਤ ਮੰਗਾਂ ਦੀ ਪੂਰਤੀ ਲਈ ਜਲਦ ਹੀ ਕੰਮ ਸ਼ੁਰੂ ਕਰਵਾਉਣ ਲਈ ਸਰਕਾਰ ਦੇ ਧਿਆਨ ਵਿਚ ਲਿਆ ਕੇ ਅਤੇ ਸਬੰਧਿਤ ਮਹਿਕਮਿਆਂ ਨਾਲ ਰਾਬਤਾ ਕਰਕੇ ਦਿਸ਼ਾ ਨਿਰਦੇਸ਼ ਜਾਰੀ ਕਰਾਏ ਜਾਣਗੇ ਅਤੇ ਸ੍ਰੀ ਖੁਰਾਲਗੜ ਸਾਹਿਬ ਨੂੰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

