ਹੁਸ਼ਿਆਰਪੁਰ 30 ਅਪ੍ਰੈਲ ( ਤਰਸੇਮ ਦੀਵਾਨਾ ) – ਪੰਜਾਬ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਅਤੇ ਸਰਕਾਰ ਦੀਆਂ ਨਾਕਾਮੀਆਂ ਦੇ ਵਿਰੋਧ ਵਿੱਚ ਅੱਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਐਸ.ਡੀ.ਐਮ. ਦਫ਼ਤਰ ਦੇ ਬਾਹਰ ਇੱਕ ਪ੍ਰਭਾਵਸ਼ਾਲੀ ਰੋਸ ਧਰਨਾ ਦਿੱਤਾ ਗਿਆ।
ਇਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਪੱਖੇ ਵੰਡ ਕੇ ਆਪਣਾ ਰੋਸ ਜ਼ਾਹਿਰ ਕੀਤਾ । ਬਿਜਲੀ ਦੇ ਲੱਗ ਰਹੇ ਕੱਟਾਂ ਦੇ ਵਿਰੋਧ ਵਿੱਚ ਦਿੱਤੇ ਗਏ ਧਰਨੇ ਵਿੱਚ ਨੀਤੀ ਤਲਵਾੜ ਦੀ ਰਹਿਨੁਮਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਮਹਿਲਾਵਾਂ ਨੇ ਭਾਗ ਲਿਆ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਨਾਰਾਜ਼ ਹੈ।
ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ ਅਤੇ ਆਮ ਜਨਤਾ ਬੁਨਿਆਦੀ ਸਹੂਲਤਾਂ ਲਈ ਤਰਸ ਰਹੀ ਹੈ
ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਸਰਕਾਰ ‘ਤੇ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ ਅਤੇ ਆਮ ਜਨਤਾ ਬੁਨਿਆਦੀ ਸਹੂਲਤਾਂ ਲਈ ਤਰਸ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਲਾਲੀ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਲਖਵਿੰਦਰ ਸਿੰਘ ਲੱਖੀ ਨੇ ਵੀ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਕਰੜੇ ਸ਼ਬਦਾਂ ਵਿੱਚ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਨਿਕੰਮੀ ਸਰਕਾਰ ਦੇ ਚਲਦਿਆਂ ਅੱਜ ਹਰ ਕਿਸਾਨ, ਕਾਰੋਬਾਰੀ ਅਤੇ ਦੁਕਾਨਦਾਰ ਦੁਖੀ ਹੈ। ਬਿਜਲੀ ਪ੍ਰਬੰਧਨ ਵਿੱਚ ਲਾਪਰਵਾਹੀ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਧਰਨੇ ਵਿੱਚ ਪਹੁੰਚੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀ ਇੱਕਜੁਟਤਾ ਹੀ ਹੁਸ਼ਿਆਰਪੁਰ ਵਿੱਚ ਪਾਰਟੀ ਦਾ ਝੰਡਾ ਬੁਲੰਦ ਕਰੇਗੀ। ਸਰਕਾਰ ਦੀਆਂ ਨਾਕਾਮੀਆਂ ਅਤੇ ਅਕਾਲੀ ਦਲ ਦੇ ਸ਼ਾਸਨ ਦੌਰਾਨ ਕੀਤੇ ਗਏ ਵਿਕਾਸ ਕਾਰਜ ਸਾਡੀ ਜਿੱਤ ਦਾ ਅਧਾਰ ਬਣਣਗੇ।”
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਹੁਣ ਪੂਰੇ ਜੋਸ਼ ਨਾਲ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀ ਤਿਆਰੀ ਵਿੱਚ ਜੁੱਟ ਗਈ ਹੈ। ਇਸ ਮੌਕੇ ਹਲਕੇ ਦੀ ਸਮੂਹ ਲੀਡਰਸ਼ਿਪ ਨੇ ਇਕੱਠੇ ਹੋ ਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋ ਕੇ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਵਿੱਚ ਆਪਣੀ ਮਜ਼ਬੂਤ ਵਾਪਸੀ ਕਰੇਗਾ। ਧਰਨੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਸਨ ਇਸ ਮੌਕੇ ਐਡਵੋਕੇਟ ਸ਼ਮਸੇਰ ਸਿੰਘ ਭਾਰਦਵਾਜ, ਇਕਬਾਲ ਸਿੰਘ ਗੋਪੀ, ਬੱਬੂ ਬਜਵਾੜਾ ਆਦਿ ਹਾਜ਼ਰ ਸਨ।

