• “ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਮਕਾਲੀ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਇਸਦਾ ਸਮਾਜਿਕ ਪ੍ਰਭਾਵ” ਵਿਸ਼ੇ ਅਧੀਨ ਹੋਵੇਗਾ ਸੈਮੀਨਾਰ
ਹੁਸ਼ਿਆਰਪੁਰ, 30 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ, ਰਜਿ. ਇੰਡੀਆ ਵੱਲੋਂ “ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਮਕਾਲੀ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਇਸਦਾ ਸਮਾਜਿਕ ਪ੍ਰਭਾਵ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਸ਼ਨੀਵਾਰ, 2 ਮਈ, 2026 ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਮਿੰਨੀ ਕਸੌਲੀ ਵੱਜੋਂ ਜਾਣੇ ਜਾਂਦੇ ਰਮਣੀਕ ਸਥਾਨ “ਥੌਰਨ ਕਿਚਨ ਅਤੇ ਹਾਈਡ ਅਵੇਅ”, ਸਲੇਰਨ ਡੈਮ, ਹੁਸ਼ਿਆਰਪੁਰ ਵਿਖ਼ੇ ਆਯੋਜਿਤ ਕੀਤਾ ਜਾ ਰਿਹਾ ਹੈ |
ਇਹ ਜਾਣਕਾਰੀ ਦਿੰਦਿਆਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ,ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ, ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ, ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀਮਤੀ ਆਸ਼ਿਕਾ ਜੈਨ (ਆਈਏਐਸ) ਮਾਣਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਅਤੇ ਮੁੱਖ ਬੁਲਾਰੇ ਵਜੋਂ ਪੰਜਾਬੀ ਪੱਤਰਕਾਰੀ ਦੇ ਅਹਿਮ ਹਸਤਾਖਰ ਸ਼੍ਰੀ ਜਿਤੇਂਦਰ ਪੰਨੂ ਸੀਨੀਅਰ ਪੱਤਰਕਾਰ,ਸ਼੍ਰੀ ਕਮਲਜੀਤ ਪਾਲ ਡੀਪੀਆਰਓ, ਹੁਸ਼ਿਆਰਪੁਰ ਅਤੇ ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਸ਼ਿਰਕਤ ਕਰਨਗੇ |
ਇਸ ਮੌਕੇ ਵਿਨੋਦ ਕੌਸ਼ਲ ਸਕੱਤਰ ਜਨਰਲ ਇੰਡੀਆ, ਤਰਸੇਮ ਦੀਵਾਨਾ, ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਪ੍ਰਧਾਨ, ਪੰਜਾਬ, ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ, ਪੰਜਾਬ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਇਸ ਸੈਮੀਨਾਰ ਵਿੱਚ ਹਾਜ਼ਿਰ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਅਜੋਕੇ ਸਮੇਂ ਦੇ ਮੱਦੇਨਜ਼ਰ ਸੱਚਾਈ ਅਤੇ ਇਮਾਨਦਾਰੀ ਦੇ ਜਜ਼ਬੇ ਨਾਲ ਪੱਤਰਕਾਰੀ ਕਰਨ ਵਾਲੀ ਸ਼੍ਰੇਣੀ ਵਿਕਸਿਤ ਕਰਨਾ ਅਤੇ ਨਵੇਂ ਉੱਭਰ ਰਹੇ ਪੱਤਰਕਾਰਾਂ ਲਈ ਜ਼ਾਬਤੇ ਵਿੱਚ ਰਹਿ ਕੇ ਆਪਣੀ ਡਿਊਟੀ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਪ੍ਰੇਰਨਾ ਦੇਣਾ ਹੀ ਇਹ ਸੈਮੀਨਾਰ ਕਰਵਾਉਣ ਦਾ ਮੁੱਖ ਮਨੋਰਥ ਹੈ | ਇਸ ਮੌਕੇ “ਥੌਰਨ ਕਿਚਨ ਅਤੇ ਹਾਈਡ ਅਵੇਅ”, ਸਲੇਰਨ ਡੈਮ, ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਹਰੀਸ਼ ਕੁਮਾਰ ਵੀ ਹਾਜ਼ਿਰ ਸਨ |

