ਜੀ.ਐੱਨ.ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਪ੍ਰਾਪਤ ਕੀਤਾ ਗਿਆਨ
ਹੁਸ਼ਿਆਰਪੁਰ 24 ਅਪ੍ਰੈਲ ( ਤਰਸੇਮ ਦੀਵਾਨਾ ) – ਜੀ.ਐੱਨ.ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬੂਲਾਵਾੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਸ਼ੇਅਰ ਬਜਾਰ ਦੀਆਂ ਬਾਰੀਕੀਆਂ ਪ੍ਰਤੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਸੱਚਦੇਵਾ ਸਟਾਕਸ ਦੇ ਸੀ.ਈ.ਓ.ਰਣਵੀਰ ਸਿੰਘ ਸੱਚਦੇਵਾ ਅਤੇ ਐੱਮ.ਡੀ. ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ ਕਿਤਾਬੀ ਗਿਆਨ ਹੀ ਨਹੀਂ, ਸਗੋਂ ਆਰਥਿਕ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਸ਼ੇਅਰ ਬਾਜ਼ਾਰ ਕੀ ਹੁੰਦਾ ਹੈ, ਇਸ ਵਿੱਚ ਨਿਵੇਸ਼ ਕਿਵੇਂ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਸਹੀ ਜਾਣਕਾਰੀ ਨਾਲ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਬਿਨਾਂ ਜਾਣਕਾਰੀ ਦੇ ਨਿਵੇਸ਼ ਕਰਨਾ ਖਤਰਨਾਕ ਹੋ ਸਕਦਾ ਹੈ, ਇਸ ਲਈ ਸਿੱਖਿਆ ਅਤੇ ਸਮਝ ਬਹੁਤ ਜ਼ਰੂਰੀ ਹੈ। ਰਣਵੀਰ ਸੱਚਦੇਵਾ ਨੇ ਬੱਚਿਆਂ ਨੂੰ ਉਦਾਹਰਣਾਂ ਰਾਹੀਂ ਸਮਝਾਇਆ ਕਿ ਕੰਪਨੀਆਂ ਵਿੱਚ ਹਿੱਸੇਦਾਰੀ ਕਿਵੇਂ ਕੰਮ ਕਰਦੀ ਹੈ ਅਤੇ ਸ਼ੇਅਰਾਂ ਦੀ ਕੀਮਤ ਕਿਵੇਂ ਵੱਧਦੀ ਜਾਂ ਘੱਟਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਬੱਚਤ ਦੀ ਆਦਤ ਪੈਦਾ ਕਰਨ ਅਤੇ ਛੋਟੀ ਉਮਰ ਤੋਂ ਹੀ ਆਰਥਿਕ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਜੇ ਬੱਚੇ ਛੋਟੀ ਉਮਰ ਤੋਂ ਹੀ ਵਿੱਤੀ ਸਿੱਖਿਆ ਲੈਂਦੇ ਹਨ ਤਾਂ ਉਹ ਭਵਿੱਖ ਵਿੱਚ ਵਧੀਆ ਫੈਸਲੇ ਲੈ ਸਕਦੇ ਹਨ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਦੋਵੇਂ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਰਾਜਵੀਰ ਕੌਰ, ਡਾ. ਸਮਾਰ ਵਰਮਾ ਡੀਨ ਜੀ.ਐੱਨ.ਏ.ਬਿਜਨਿਸ ਸਕੂਲ, ਸ਼ਿਵਾਂਜਲੀ ਸ਼ਰਮਾ ਐੱਚ.ਆਰ.ਹੈੱਡ ਸੱਚਦੇਵਾ ਸਟਾਕਸ ਵੀ ਹਾਜਰ ਰਹੇ।

