ਕਮਿਊਨਿਟੀ ਸੈਂਟਰ ਦੀ ਗ੍ਰਾਂਟ, ਛੱਪੜ ਦੀ ਚਾਰਦੀਵਾਰੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਉੱਠੀ; ਕਾਂਗਰਸ ਸਰਕਾਰ ਬਣਨ ’ਤੇ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਹੁਸ਼ਿਆਰਪੁਰ, 23 ਅਕਤੂਬਰ (ਤਰਸੇਮ ਦੀਵਾਨਾ) — ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਠਰੋਲੀ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਪਿੰਡ ਵਾਸੀਆਂ ਨੇ ਵਿਕਾਸ ਕਾਰਜਾਂ ਵਿੱਚ ਹੋ ਰਹੀ ਦੇਰੀ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਮਿਊਨਿਟੀ ਸੈਂਟਰ ਦੀ ਉਸਾਰੀ, ਛੱਪੜ ਦੀ ਚਾਰਦੀਵਾਰੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 7 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਛੇ ਮਹੀਨੇ ਪਹਿਲਾਂ ਜੰਗਲਾਤ ਕਮੇਟੀ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਹੀ ਮਿਲੇ। ਉਨ੍ਹਾਂ ਬਾਕੀ ਗ੍ਰਾਂਟ ਜਾਰੀ ਕਰਨ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਪਿੰਡ ਦੇ ਛੱਪੜ ਦੇ ਆਲੇ-ਦੁਆਲੇ ਚਾਰਦੀਵਾਰੀ ਕਰਨ ਅਤੇ ਸੁਰੱਖਿਆ ਲਈ ਜਾਲ ਲਗਾਉਣ ਦਾ ਕੰਮ ਵੀ ਅਧੂਰਾ ਪਿਆ ਹੈ। ਪਿੰਡ ਵਾਸੀਆਂ ਨੇ ਇਸ ਕੰਮ ਨੂੰ ਜਲਦੀ ਮੁਕੰਮਲ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।
ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਡੱਲੇਵਾਲ ਸਥਿਤ ਸਰਕਾਰੀ ਟਿਊਬਵੈੱਲ ਰਾਹੀਂ ਪਾਣੀ ਦੀ ਸਪਲਾਈ ਹੁੰਦੀ ਹੈ। ਮੋਟਰ ਖ਼ਰਾਬ ਹੋਣ ’ਤੇ ਪੰਜ ਤੋਂ ਛੇ ਦਿਨਾਂ ਤੱਕ ਪਾਣੀ ਦੀ ਕਿੱਲਤ ਬਣੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ।
ਸੁੰਦਰ ਸ਼ਾਮ ਅਰੋੜਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਪਿੰਡ ਠਰੋਲੀ ਦੇ ਛੱਪੜ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਤ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ।
ਇਸ ਮੌਕੇ ਲਵਕੇਸ਼ ਕੁਮਾਰ ਮੰਡਲ ਪ੍ਰਧਾਨ, ਨਿਰਮਲ ਕੁਮਾਰ, ਬਲਵਿੰਦਰ ਕੁਮਾਰ, ਕੇਵਲ ਕੁਮਾਰ, ਧਨੀ ਰਾਮ, ਜੈ ਰਾਮ ਨੰਬਰਦਾਰ, ਵਿਸ਼ਾਲ ਕੁਮਾਰ ਬਲਾਕ ਸੰਮਤੀ ਮੈਂਬਰ, ਡਾ. ਕੁਲਦੀਪ ਸਿੰਘ ਬਲਾਕ ਪ੍ਰਧਾਨ ਦਿਹਾਤੀ, ਕੈਪਟਨ ਕਰਮ ਚੰਦ ਉਪ ਪ੍ਰਧਾਨ, ਰਾਮ ਜੀ ਦਾਸ ਸਾਬਕਾ ਸਰਪੰਚ, ਬਲਵਿੰਦਰ ਭੱਟੀ ਸਾਬਕਾ ਸਰਪੰਚ, ਰਾਕੇਸ਼ ਸੈਣੀ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।

