Breaking
Wed. Apr 1st, 2026

ਮਾਹਿਲਪੁਰ ਪੁਲਿਸ ਵਲੋਂ ਝੂਠੇ ਪਰਚਿਆਂ ਤੋਂ ਦੁਖੀ ਦੁਕਾਨਦਾਰ ਭਰਾਵਾਂ ਨੇ ਲਗਾਈ ਇਨਸਾਫ਼ ਦੀ ਗੁਹਾਰ

ਮਾਹਿਲਪੁਰ ਪੁਲਿਸ

ਪੀੜਤ ਭਰਾ ਰੋ ਰੋ ਕੇ ਕਹਿ ਰਹੇ ਸੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਥਾਣਾ ਮਾਹਿਲਪੁਰ ਦੀ ਪੁਲਿਸ ਤੋ ਬਚਾਉ

ਹੁਸ਼ਿਆਰਪੁਰ 31 ਮਾਰਚ ( ਤਰਸੇਮ ਦੀਵਾਨਾ ) – ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਚ 25 ਮਾਰਚ ਨੂੰ ਇੱਕ ਦੁਕਾਨਦਾਰ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ ਦੇ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੀੜਿਤ ਦੁਕਾਨਦਾਰ ਭਰਾਵਾਂ ਨੂੰ ਛੱਡ ਕੇ ਮਾਹਿਲਪੁਰ ਪੁਲਿਸ ਨੇ ਇੱਕ ਥਾਣੇਦਾਰ ਦੇ ਬਿਆਨਾਂ ’ਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰਕੇ ਖ਼ਾਨਾਪੂਰਤੀ ਕਰਕੇ ਹੀ ਬੱਸ ਨਹੀਂ ਕੀਤੀ ਜਦਕਿ ਪੀੜਿਤ ਭਰਾਵਾਂ ਸਮੇਤ 16 ਵਿਅਕਤੀਆਂ ’ਤੇ ਵੀ ਇੱਕ ਚੌਂਕੀ ਇੰਚਾਰਜ ਦੇ ਬਿਆਨਾਂ ’ਤੇ ਮਾਹੌਲ ਖ਼ਰਾਬ ਕਰਨ ਦਾ ਮਾਮਲਾ ਦਰਜ ਕਰਕੇ ਪੀੜਤ ਭਰਾਵਾਂ ਦੇ ਘਰ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਡੀ ਐਸ ਪੀ ਗੜ੍ਹਸ਼ੰਕਰ ਅਤੇ ਥਾਣਾ ਮੁਖੀ ਮਾਹਿਲਪੁਰ ਦੀਆਂ ਵਧੀਕੀਆਂ ਦੇ ਸਤਾਏ ਦੋਨੋਂ ਭਰਾ ਫ਼ੁੱਟ ਫ਼ੁੱਟ ਕੇ ਰੋ ਪਏ ਅਤੇ ਜਿਲ੍ਹਾਂ ਪੁਲਿਸ ਮੁਖੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਕੇ ਉਨ੍ਹਾਂ ਨੂੰ ਦੋਹਾਂ ਅਫ਼ਸਰਾਂ ਤੋਂ ਬਚਾਉਣ ਦੀ ਅਪੀਲ ਕੀਤੀ ਹੈ।

ਅੱਜ ਹੁਸ਼ਿਆਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਸਵੀਰ ਸਿੰਘ ਸੰਜੂ ਅਤੇ ਪਰਮਜੀਤ ਸਿੰਘ ਪੰਮਾ ਪੁੱਤਰਾਨ ਜੋਗਰਾਜ ਵਾਸੀਆਨ ਗੱਜਰ ਨੇ ਦੱਸਿਆ ਕਿ 2022 ਵਿਚ ਉਨ੍ਹਾਂ ਦੀ ਦੁਕਾਨ ਦੇ ਅੱਗੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ । ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਦੁਕਾਨ ਅੰਦਰ ਸਨ ਤਾਂ ਉਨ੍ਹਾਂ ਦੀ ਦੁਕਾਨ ਅੰਦਰ ਲੱਗੇ ਸੀ ਸੀ ਟੀਵੀ ਵਿਚ ਉਹ ਗੋਲੀਆਂ ਚਲਾਉਣ ਦੀ ਘਟਨਾ ਕੈਦ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਜਬਰਦਸਤੀ ਉਸ ਮਾਮਲੇ ਵਿਚ ਗਵਾਹ ਬਣਾ ਲਿਆ। ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਬਾਅਦ ਉਨ੍ਹਾਂ ਦੇ ਘਰ ’ਤੇ ਉਨ੍ਹਾਂ ਹੀ ਹਮਲਵਰਾਂ ਨੇ ਅਗਸਤ 2022 ਵਿਚ ਵੀ ਗੋਲੀਆਂ ਚਲਾ ਦਿੱਤੀਆਂ ਜਿਸ ’ਤੇ ਉਸ ਸਮੇਂ ਦੀ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਸ ਮਾਮਲੇ ਵਿੱਚੋਂ ਆਪਣੇ ਪੱਧਰ ’ਤੇ ਦੋ ਵਿਅਕਤੀਆਂ ਨੂੰ ਦਰਜ ਮਾਮਲੇ ਵਿੱਚੋਂ ਕੱਢ ਦਿੱਤਾ ਅਤੇ ਮਿਲ ਰਹੀਆਂ ਧਮਕੀਆਂ ਕਾਰਨ ਉਨ੍ਹਾਂ ਗਵਾਹੀ ਦੇਣ ਤੋਂ ਇੰਨਕਾਰ ਕਰ ਦਿੱਤਾ।

ਇਸ ਮਾਮਲੇ ਦੀ ਉਨ੍ਹਾਂ ਦੇ ਘਰ ਦੇ ਸੀ ਸੀ ਟੀ ਵੀ ਫ਼ੁਟੇਜ ਅਤੇ ਪੀੜਿਤ ਧਿਰਾਂ ਦੇ ਬਿਅਨਾਂ ਤੋਂ ਬਾਅਦ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਵਾ ਲਿਆ

ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਪੁਲਿਸ ਦੋ ਅਕਤੂਬਰ 2025 ਨੂੰ ਦੁਸ਼ਹਿਰੇ ਵਾਲੇ ਦਿਨ ਜਦੋਂ ਉਹ ਘਰ ਵਿਚ ਹੀ ਮੌਜੂਦ ਸਨ ਤਾਂ ਮਾਹਿਲਪੁਰ ਵਿਚ ਹੋਈ ਲੜਾਈ ਵਿਚ ਉਨ੍ਹਾਂ ਨੂੰ ਘਰ ਬੈਠੇ ਹੀ ਨਾਮਜਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਉਨ੍ਹਾਂ ਦੇ ਘਰ ਦੇ ਸੀ ਸੀ ਟੀ ਵੀ ਫ਼ੁਟੇਜ ਅਤੇ ਪੀੜਿਤ ਧਿਰਾਂ ਦੇ ਬਿਅਨਾਂ ਤੋਂ ਬਾਅਦ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਵਾ ਲਿਆ। ਉਨ੍ਹਾਂ ਦੱਸਿਆ ਕਿ 2022 ਵਿਚ ਗੋਲੀ ਚਲਾਉਣ ਵਾਲਿਆਂ ਨੇ ਉਨ੍ਹਾਂ ਨਾਲ ਗਵਾਹੀ ਦੀ ਰੰਜਿਸ਼ ਰੱਖ਼ੀ ਅਤੇ 25 ਮਾਰਚ 2026 ਨੂੰ ਉਨ੍ਹਾਂ ਦੀ ਦੁਕਾਨ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਘਟਨਾ ਤੋਂ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਦੁਕਾਨ ਅੱਗੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੀ ਸੀ ਸੀ ਟੀ ਵੀ ਅਤੇ ਹਮਲਵਰਾਂ ਦੇ ਨਾਮ ਉਨ੍ਹਾਂ ਪੁਲਿਸ ਨੂੰ ਦਿੱਤੇ ਪਰੰਤੂ ਡੀ ਐਸ ਪੀ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਮਦਨ ਸਿੰਘ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ ’ਤੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ।

ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਬਿਆਨ ਨਹੀਂ ਲਏ ਬਲਕਿ ਆਪਣੇ ਹੀ ਥਾਣੇਦਾਰ ਦੇ ਬਿਆਨਾਂ ’ਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਬੀਤੇ ਕੱਲ ਥਾਣਾ ਮੁਖੀ ਮਦਨ ਸਿੰਘ ਨੇ ਮੁੜ ਉਨ੍ਹਾਂ ਅਤੇ ਗੋਲੀ ਚਲਾਉਣ ਵਾਲੇ ਹਮਲਵਰਾਂ ਵਿਰੁੱਧ ਝੂਠਾ ਮਾਮਲਾ ਦਰਜ ਕਰਕੇ ੳਨ੍ਹਾਂ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਹਮਲਵਰਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਘਰਾਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਪੱਖ :- ਕੀ ਪੁਲਿਸ ਕਦੀ ਧੱਕੇਸ਼ਾਹੀ ਕਰ ਸਕਦੀ ਹੈ?

ਇਸ ਸਬੰਧੀ ਜਦੋਂ ਥਾਣਾ ਮੁਖੀ ਮਦਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੁਲਿਸ ਕਦੀ ਧੱਕੇਸ਼ਾਹੀ ਕਰ ਸਕਦੀ ਹੈ। ਜਦੋਂ ਉਨ੍ਹਾਂ ਨੂੰ ਮੁੜ 16 ਬੰਦਿਆਂ ’ਤੇ ਪਰਚਾ ਕਿਉਂ ਦਿੱਤਾ ਹੈ ਸਬੰਧੀ ਪੁੱਛਿਆ ਤਾਂ ਉਹ ਪੁਲਸੀਆ ਅੰਦਾਜ ਵਿਚ ਟਾਲਮਟੋਲ ਕਰ ਗਏ ਅਤੇ ਛੁੱਟੀ ਦਾ ਬਹਾਨਾ ਲਗਾ ਕੇ ਗੱਲ ਟਾਲਦੇ ਹੋਏ ਕਿਹਾ ਕਿ ਉਹ ਥਾਣੇ ਜਾ ਕੇ ਹੀ ਕੁੱਝ ਕਹਿ ਸਕਦੇ ਹਨ।

By admin

Related Post