Breaking
Fri. Nov 13th, 2026

ਹੁਸ਼ਿਆਰਪੁਰ ਵਿੱਚ 23ਵਾਂ ਸੰਗੀਤ ਸੰਮੇਲਨ ਸੰਗੀਤਕ ਵਿਰਾਸਤ ਦੀਆਂ ਨਵੀਆਂ ਪੈੜਾਂ ਸਿਰਜੇਗਾ

ਅਮੀਰ ਸੱਭਿਆਚਾਰਕ

12 ਅਤੇ 14 ਨਵੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਦੇਸ਼ ਭਰ ਦੇ ਨਾਮਵਰ ਕਲਾਕਾਰ ਬੰਨ੍ਹਣਗੇ ਰੰਗ, ਬੇਗਮਪੁਰਾ ਟਾਈਗਰ ਫੋਰਸ ਦੀ ਰਹੇਗੀ ਅਹਿਮ ਭੂਮਿਕਾ

ਹੁਸ਼ਿਆਰਪੁਰ, 12 ਨਵੰਬਰ (ਤਰਸੇਮ ਦੀਵਾਨਾ) – ਭਾਰਤੀ ਸ਼ਾਸਤਰੀ ਸੰਗੀਤ, ਗਾਇਨ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸੁਰ ਸਰਗਮ ਸੰਗੀਤ ਕਲਾ ਮੰਦਰ ਟਰੱਸਟ ਭੋਗਪੁਰ ਦੀ ਹੁਸ਼ਿਆਰਪੁਰ ਬ੍ਰਾਂਚ ਵੱਲੋਂ 23ਵੇਂ ਸੰਗੀਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ‘ਸ਼ਾਸਤਰੀ ਸੰਗੀਤ ਕੇ ਰੰਗ, ਹੁਸ਼ਿਆਰਪੁਰ ਕੇ ਸੰਗ’ ਦੇ ਸਿਰਲੇਖ ਹੇਠ ਹੋਣ ਵਾਲਾ ਇਹ ਸੰਮੇਲਨ ਸੰਗੀਤ ਪ੍ਰੇਮੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। ਇਸ ਸਮਾਗਮ ਰਾਹੀਂ ਜਿੱਥੇ ਸੰਗੀਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਮੰਚ ਮਿਲੇਗਾ, ਉੱਥੇ ਹੀ ਕਲਾ ਅਤੇ ਸੱਭਿਆਚਾਰ ਦੀਆਂ ਪਰੰਪਰਾਵਾਂ ਨੂੰ ਨਵੀਂ ਊਰਜਾ ਵੀ ਮਿਲੇਗੀ।

ਟਰੱਸਟ ਦੇ ਚੇਅਰਮੈਨ ਪੀ.ਸੀ. ਰਾਊਤ ਰਾਜਪੂਤ ਅਤੇ ਜਨਰਲ ਸਕੱਤਰ ਉਮੇਸ਼ ਵਰਮਾ ਨੇ ਦੱਸਿਆ ਕਿ ਸੰਮੇਲਨ ਦੇ ਪਹਿਲੇ ਪੜਾਅ ਤਹਿਤ 12 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਲਕਸ਼ਮੀ ਐਨਕਲੇਵ ਹੁਸ਼ਿਆਰਪੁਰ ਵਿਖੇ ਵੱਖ-ਵੱਖ ਸੰਗੀਤਕ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਸਤਰੀ ਸੰਗੀਤ, ਗਾਇਨ, ਗ਼ਜ਼ਲ ਅਤੇ ਪੰਜਾਬੀ ਲੋਕ ਸੰਗੀਤ ਦੇ ਕਲਾਕਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।

ਉਨ੍ਹਾਂ ਦੱਸਿਆ ਕਿ ਸੰਮੇਲਨ ਦਾ ਮੁੱਖ ਸਮਾਗਮ 14 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਰਾਤ 8:30 ਵਜੇ ਤੱਕ ਬੀ.ਐੱਡ. ਕਾਲਜ ਆਡੀਟੋਰੀਅਮ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਬੱਧਣ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਉਣਗੇ।

ਸੰਗੀਤ ਸੰਮੇਲਨ ਦੌਰਾਨ ਸ਼ਾਸਤਰੀ ਗਾਇਨ, ਗ਼ਜ਼ਲ, ਸਿਤਾਰ ਅਤੇ ਬੰਸਰੀ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਨੂੰ ਉੱਚ ਪੱਧਰੀ ਸੰਗੀਤਕ ਅਨੁਭਵ ਪ੍ਰਦਾਨ ਕੀਤਾ ਜਾਵੇਗਾ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚਣ ਵਾਲੇ ਪ੍ਰਸਿੱਧ ਸੰਗੀਤਕਾਰ ਅਤੇ ਕਲਾਕਾਰ ਆਪਣੀ ਕਲਾ ਦਾ ਜੌਹਰ ਦਿਖਾਉਣਗੇ। ਇਹ ਮੰਚ ਸਥਾਪਿਤ ਕਲਾਕਾਰਾਂ ਦੇ ਨਾਲ-ਨਾਲ ਉੱਭਰ ਰਹੀਆਂ ਸੰਗੀਤਕ ਪ੍ਰਤਿਭਾਵਾਂ ਨੂੰ ਵੀ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਇਸ ਮੌਕੇ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੱਛਮੀ ਸੰਗੀਤ ਦੇ ਵਧਦੇ ਪ੍ਰਭਾਵ ਦਰਮਿਆਨ ਭਾਰਤੀ ਸ਼ਾਸਤਰੀ ਸੰਗੀਤ ਅਤੇ ਲੋਕ ਕਲਾਵਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅਜਿਹੇ ਉਪਰਾਲੇ ਨਾ ਸਿਰਫ਼ ਕਲਾਕਾਰਾਂ ਦਾ ਹੌਸਲਾ ਵਧਾਉਂਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ।

ਸੰਮੇਲਨ ਦੇ ਪ੍ਰਬੰਧਾਂ ਵਿੱਚ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾਵੇਗੀ। ਟਰੱਸਟ ਦੇ ਚੇਅਰਮੈਨ ਪੀ.ਸੀ. ਰਾਊਤ ਰਾਜਪੂਤ, ਜਨਰਲ ਸਕੱਤਰ ਉਮੇਸ਼ ਵਰਮਾ ਅਤੇ ਸਟੇਜ ਸਕੱਤਰ ਅਵਤਾਰ ਸਿੰਘ ਘੋਰੇਵਾਲ ਨੇ ਸਮੂਹ ਸੰਗੀਤ ਪ੍ਰੇਮੀਆਂ, ਕਲਾ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੂੰ ਦੋਵੇਂ ਦਿਨ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

By admin

Related Post